AAP Moga Rally : 'ਖੁਸ਼ਹਾਲ' ਰੈਲੀ ਨੇ ਨਿਰਾਸ਼ ਕੀਤੇ ਆਮ ਲੋਕ ! ਬੱਸ ਅੱਡਿਆਂ 'ਚ ਸਰਕਾਰੀ ਲਾਰੀਆਂ ਉਡੀਕਦੇ ਹੋ ਰਹੇ ਖੱਜਲ
AAP Moga Rally : ਆਮ ਆਦਮੀ ਪਾਰਟੀ ਵੱਲੋਂ ਵੀਰਵਾਰ ਮੋਗਾ ਦੇ ਪਿੰਡ ਨੱਥੂਆਣਾ ਜਦੀਦ ਵਿਖੇ 'ਖੁਸ਼ਹਾਲ' ਰੈਲੀ ਕੀਤੀ ਗਈ, ਪਰੰਤੂ ਇਸ ਖੁਸ਼ਹਾਲ ਰੈਲੀ ਨੇ ਪੰਜਾਬ ਦੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ। ਰੈਲੀ ਕਾਰਨ ਲੋਕ ਆਪਣੇ ਬੱਚਿਆਂ ਅਤੇ ਬਜ਼ੁਰਗ ਨਾਲ ਬੱਸ ਅੱਡਿਆਂ 'ਚ ਘੰਟਿਆਂਬੱਧੀ ਤੜੇ ਰਹੇ। ਸਵਰੀਆਂ ਨੂੰ ਘੰਟਾ-ਘੰਟਾ ਉਡੀਕ ਕਰਨ ਪਿੱਛੋਂ ਇੱਕ-ਦੁੱਕਾ ਸਰਕਾਰੀ ਬੱਸ ਹੀ ਮਸਾਂ ਨਸੀਬ ਹੋ ਰਹੀ ਸੀ, ਕਿਉਂ ਪੰਜਾਬ ਸਰਕਾਰ ਨੇ ਪੀਆਰਟੀਸੀ ਅਤੇ ਪਨਬੱਸ ਦੀਆਂ 80 ਫ਼ੀਸਦੀ ਦੇ ਲਗਭਗ ਬੱਸਾਂ ਨੂੰ ਆਮ ਆਦਮੀ ਪਾਰਟੀ ਦੀ ਸੇਵਾ ਵਿੱਚ ਲਗਾ ਰੱਖਿਆ ਹੈ।
2900 ਦੇ ਲਗਭਗ ਬੱਸਾਂ ਨੂੰ ਰੈਲੀ ਲਈ ਲਗਾਏ ਜਾਣ ਦੀ ਜਾਣਕਾਰੀ ਹੈ, ਜਿਸ ਰਾਹੀਂ ਭਗਵੰਤ ਮਾਨ ਸਰਕਾਰ ਵੱਲੋਂ ਮੋਗਾ ਵਿਖੇ ਡੇਢ ਲੱਖ ਲੋਕਾਂ ਨੂੰ ਪੰਜਾਬ ਦੇ ਕੋਨੇ-ਕੋਨੇ ਵਿਚੋਂ ਇਕੱਠਾ ਕਰਕੇ ਤਾਕਤ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ, ਸੱਤਾਧਿਰ ਵੱਲੋਂ ਤਾਕਤ ਵਿਖਾਉਣ ਦਾ ਇਹ ਅੰਦਾਜ਼ ਪੰਜਾਬ ਦੇ ਆਮ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਬੱਸ ਅੱਡਿਆਂ 'ਚ ਖੱਜਲ ਹੋ ਰਹੀਆਂ ਸਵਾਰੀਆਂ ਨੇ ਬੱਸਾਂ ਨਾ ਮਿਲਣ ਕਾਰਨ ਨਿਰਾਸ਼ਾ ਜਤਾਈ ਹੈ।
ਕਈ ਬਜ਼ੁਰਗ ਸਵਾਰੀਆਂ ਨੇ ਸਰਕਾਰ ਖਿਲਾਫ਼ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਕਿ ਸਰਕਾਰੀ ਬੱਸਾਂ ਨੂੰ ਕਿਉਂ ਇਸਤੇਮਾਲ ਕੀਤਾ ਜਾ ਰਿਹਾ ਹੈ, ਸਗੋਂ ਆਪਣੀਆਂ ਪ੍ਰਾਈਵੇਟ ਗੱਡੀਆਂ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਆਪ ਸਰਕਾਰ ਵੱਲੋਂ ਇਸ ਤਰ੍ਹਾਂ ਹੀ ਲੋਕਾਂ ਨੂੰ ਖੱਜਲ ਕੀਤਾ ਜਾਣਾ ਹੈ ਤਾਂ ਉਹ ਆਪਣੇ ਟੂੰ-ਟੂੰ ਆਪਣੇ ਕੋਲ ਹੀ ਰੱਖ ਲਵੇ। ਸਵਾਰੀਆਂ ਨੇ ਕਿਹਾ ਕਿ ਦੋ ਦੋ ਘੰਟੇ ਹੋ ਗਏ ਹਨ, ਸਾਨੂੰ ਬੱਸਾਂ ਨੂੰ ਉਡੀਕਦੇ ਕੋਈ ਬੱਸ ਨਹੀਂ। ਲੋਕਾਂ ਦਾ ਕਹਿਣਾ ਸੀ ਕਿ ਜੋ ਦਾਅਵੇ ਆਮ ਆਦਮੀ ਪਾਰਟੀ ਨੇ ਕੀਤੇ ਹਨ, ਉਹ ਆ ਕੇ ਜਮੀਨੀ ਹਕੀਕਤ ਵੇਖ ਲਏ ਹਨ।
ਮੌਕੇ 'ਤੇ ਹਾਲਾਤ ਇਹ ਹਨ ਕਿ ਮੋਗਾ ਰੈਲੀ ਨੂੰ ਲੈ ਕੇ ਸਰਕਾਰੀ ਬੱਸਾਂ ਘੱਟ ਗਿਣਤੀ ਦੇ ਵਿੱਚ ਚੱਲ ਰਹੀਆਂ ਹਨ। ਬਹੁ-ਗਿਣਤੀ ਵਿੱਚ ਲੋਕ ਕਰਤਾਰਪੁਰ-ਸੁਭਾਨਪੁਰ-ਬਿਆਸ ਜਾਣਾ ਚਾਹੁੰਦੇ ਹਨ ਪਰ ਪ੍ਰਾਈਵੇਟ ਬੱਸਾਂ ਵਾਲੇ ਰੂਟ ਨਹੀਂ ਬਣਾ ਰਹੇ। ਜਦਕਿ ਸਰਕਾਰੀ ਬੱਸਾਂ ਜੋ ਪਿੱਛੋਂ ਹੀ ਭਰ ਕੇ ਆ ਰਹੀਆਂ ਹਨ, ਉਸ ਨੂੰ ਵੀ ਲੋਕ ਘਰ ਪਹੁੰਚਣ ਦੀ ਇੱਛਾ ਵਿੱਚ ਟੁੱਟ ਕੇ ਪੈ ਰਹੇ ਹਨ।
ਲੁਧਿਆਣਾ ਬੱਸ ਸਟੈਂਡ 'ਚ ਸਰਕਾਰੀ ਬੱਸਾਂ ਦੇ ਡਰਾਈਵਰਾਂ ਨੇ ਵੀ ਜਾਣਕਾਰੀ ਦਿੱਤੀ ਸੀ ਕਿ 'ਆਪ' ਵੱਲੋਂ ਰੈਲੀ ਨੂੰ ਲੈ ਕੇ ਸਰਕਾਰੀ ਮਸ਼ੀਨਰੀ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਲੁਧਿਆਣਾ ਦੇ ਬੱਸ ਡੀਪੂ ਤੋਂ 60 ਤੋਂ ਉੱਪਰ ਬੱਸਾਂ ਮੋਗਾ ਵੱਲ ਰਵਾਨਾ ਹੋਈਆਂ। ਹਰ ਇੱਕ ਸਰਕਾਰੀ ਬੱਸ ਦੇ ਬਾਹਰ ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਦਾ ਰੂਟ ਪਲੈਨ ਪੋਸਟਰ ਵੀ ਲਗਾਇਆ ਗਿਆ ਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਮ ਦੇ ਨਾਲ ਨੰਬਰ ਵੀ ਦਰਜ ਸਨ।
ਖਬਰ ਅਪਡੇਟ ਜਾਰੀ...
- PTC NEWS