Stunt On Tractor : ਟਰੈਕਟਰ ’ਤੇ ਸਟੰਟ ਕਰਦੇ ਹੋਏ 5 ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਨਸ਼ੇ ਦੀ ਹਾਲਤ ’ਚ ਸੀ ਨੌਜਵਾਨ
Stunt On Tractor : ਟਰੈਕਟਰਾਂ 'ਤੇ ਸਟੰਟ ਕਰਦੇ ਹੋਏ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਫਿਰ ਵੀ ਲੋਕ ਸਟੰਟ ਕਰਨ ਤੋਂ ਗੁਰੇਜ਼ ਨਹੀਂ ਕਰਦੇ ਅਤੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਪਰ ਫਿਰ ਵੀ ਲੋਕ ਅਜਿਹੇ ਸਟੰਟ ਬਾਜ਼ੀ ਕਰਨ ਤੋਂ ਬਾਜ਼ ਨਹੀਂ ਆਉਂਦੇ ਹਨ।
ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਨਵੇਂ ਬੱਸ ਸਟੈਂਡ 'ਤੇ ਕੁਝ ਨੌਜਵਾਨਾਂ ਵੱਲੋਂ ਟਰੈਕਟਰ ’ਤੇ ਸਟੰਟ ਕਰ ਰਹੇ ਸੀ ਕਿ ਉਹ ਟਰੈਕਟਰ ਪਲਟ ਗਿਆ ਅਤੇ ਇਸ ਹਾਦਸੇ ’ਚ ਇੱਕ ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ’ਚ ਪਹੁੰਚਾਇਆ ਗਿਆ ਹੈ। ਜ਼ਖਮੀ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ ਵਜੋਂ ਹੋਈ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਡ ਸੇਫਟੀ ਫੋਰਸ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ 'ਤੇ ਇਕ ਟਰੈਕਟਰ ਪਲਟ ਗਿਆ ਹੈ, ਜਿਸ 'ਤੇ ਪੰਜ ਨੌਜਵਾਨ ਸਵਾਰ ਸਨ, ਜਦੋਂ ਉਨ੍ਹਾਂ ਨੇ ਉੱਥੇ ਪਹੁੰਚ ਕੇ ਦੇਖਿਆ ਤਾਂ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ ਟਰੈਕਟਰ 'ਤੇ ਬੈਠਾ ਨੌਜਵਾਨ ਪ੍ਰਭਜੋਤ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਇਨ੍ਹਾਂ 'ਚੋਂ ਇਕ ਨੌਜਵਾਨ ਹਰਪ੍ਰੀਤ ਸਿੰਘ ਵਾਸੀ ਪਿੰਡ ਸਾਹਰੀ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਏਐਸਆਈ ਨੇ ਦੱਸਿਆ ਕਿ ਕੁਝ ਲੜਕਿਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਕੋਲੋਂ ਟਰੈਕਟਰ 'ਚੋਂ ਇੱਕ ਤਲਵਾਰ ਵੀ ਬਰਾਮਦ ਹੋਈ ਹੈ, ਜਿਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਉੱਥੇ ਹੀ ਟਰੈਕਟਰ 'ਤੇ ਸਵਾਰ ਨੌਜਵਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੱਸ ਸਟੈਂਡ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਸਾਹਮਣੇ ਤੋਂ ਇਕ ਬੱਸ ਆ ਗਈ ਅਤੇ ਉਸ ਦੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਪ੍ਰਭਜੋਤ ਸਿੰਘ ਨਾਂ ਦੇ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਉਸਨੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕੀਤਾ ਹੈ ਅਤੇ ਟਰੈਕਟਰ ਵਿੱਚੋਂ ਜੋ ਤਲਵਾਰ ਮਿਲੀ ਹੈ ਉਹ ਉਸਨੇ ਆਪਣੀ ਸੁਰੱਖਿਆ ਦੇ ਲਈ ਰੱਖੀ ਹੋਈ ਸੀ।
- PTC NEWS