Air India ਨੇ ਇੱਕੋ ਦਿਨ 'ਚ ਰੱਦ ਕੀਤੀ ਦੂਜੀ ਉਡਾਣ, ਦਿੱਲੀ ਤੋਂ ਪੈਰਿਸ ਜਾਣ ਵਾਲੇ ਜਹਾਜ਼ ਵਿੱਚ ਵੀ ਤਕਨੀਕੀ ਖਰਾਬੀ
Air India Cancel Flight : ਅਹਿਮਦਾਬਾਦ ਵਿੱਚ ਵੀਰਵਾਰ ਨੂੰ ਹੋਏ ਜਹਾਜ਼ ਹਾਦਸੇ ਦੀ ਘਟਨਾ ਤੋਂ ਪੰਜ ਦਿਨ ਬਾਅਦ ਹੀ ਏਅਰ ਇੰਡੀਆ ਨੂੰ ਇੱਕੋ ਦਿਨ ਵਿੱਚ ਦੋ ਉਡਾਣਾਂ ਰੱਦ ਕਰਨੀਆਂ ਪਈਆਂ। ਏਅਰ ਇੰਡੀਆ ਨੇ ਕਿਹਾ ਹੈ ਕਿ ਇਸ ਪਿੱਛੇ ਤਕਨੀਕੀ ਖਰਾਬੀ ਸੀ। ਪਹਿਲਾਂ ਫਲਾਈਟ ਨੰਬਰ 159 ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਦੁਪਹਿਰ 1:10 ਵਜੇ ਅਹਿਮਦਾਬਾਦ ਤੋਂ ਲੰਡਨ ਲਈ ਰਵਾਨਾ ਹੋਣ ਵਾਲੀ ਸੀ। ਇਸ ਤੋਂ ਬਾਅਦ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਏਆਈ 143 ਨੂੰ ਵੀ ਕਿਸੇ ਸਮੱਸਿਆ ਕਾਰਨ ਰੱਦ ਕੀਤਾ ਜਾ ਰਿਹਾ ਹੈ। ਇਹ ਫਲਾਈਟ ਦਿੱਲੀ ਤੋਂ ਪੈਰਿਸ ਲਈ ਰਵਾਨਾ ਹੋਣ ਵਾਲੀ ਸੀ।
ਏਅਰ ਇੰਡੀਆ ਨੇ ਕਿਹਾ, ਫਲਾਈਟ ਤੋਂ ਪਹਿਲਾਂ ਲਾਜ਼ਮੀ ਜਾਂਚ ਦੌਰਾਨ ਇੱਕ ਕਮੀ ਪਾਈ ਗਈ ਸੀ। ਇਸਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਯਾਤਰੀਆਂ ਦੇ ਠਹਿਰਨ ਦਾ ਪ੍ਰਬੰਧ ਕਰ ਰਹੇ ਹਾਂ। ਇਸ ਤੋਂ ਇਲਾਵਾ ਟਿਕਟ ਰੱਦ ਕਰਨ ਵਾਲਿਆਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਏਆਈ142 ਪੈਰਿਸ ਤੋਂ ਦਿੱਲੀ ਜਾਣ ਵਾਲੀ ਉਡਾਣ ਵੀ ਰੱਦ ਕੀਤੀ ਜਾ ਰਹੀ ਹੈ। ਇਹ 18 ਜੂਨ ਨੂੰ ਪੈਰਿਸ ਤੋਂ ਰਵਾਨਾ ਹੋਣ ਵਾਲੀ ਸੀ।
ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਵੀ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਉਡਾਣ ਰੱਦ ਕਰ ਦਿੱਤੀ ਗਈ ਸੀ। ਏਅਰ ਇੰਡੀਆ ਦਾ ਕਹਿਣਾ ਹੈ ਕਿ ਜਹਾਜ਼ਾਂ ਦੀ ਘਾਟ ਕਾਰਨ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ। ਏਅਰ ਇੰਡੀਆ ਦਾ ਕਹਿਣਾ ਹੈ ਕਿ ਸੀਮਤ ਹਵਾਈ ਸਪੇਸ ਅਤੇ ਵਾਧੂ ਜਾਂਚਾਂ ਕਾਰਨ ਜਹਾਜ਼ਾਂ ਨੂੰ ਹੁਣ ਜ਼ਿਆਦਾ ਸਮਾਂ ਲੱਗ ਰਿਹਾ ਹੈ।
ਏਅਰ ਇੰਡੀਆ ਦੀ ਅਹਿਮਦਾਬਾਦ ਤੋਂ ਲੰਡਨ ਲਈ ਸਿੱਧੀ ਉਡਾਣ ਪਹਿਲਾਂ ਇਸਦੇ ਸ਼ਡਿਊਲਡ ਕੋਡ 'AI-171' ਨਾਲ ਜਾਣੀ ਜਾਂਦੀ ਸੀ। ਅਧਿਕਾਰੀ ਨੇ ਕਿਹਾ, 'ਦੁਰਘਟਨਾ ਤੋਂ ਬਾਅਦ ਹਵਾਬਾਜ਼ੀ ਕੰਪਨੀ ਨੇ ਅਹਿਮਦਾਬਾਦ ਤੋਂ ਲੰਡਨ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ। ਏਅਰਲਾਈਨ ਨੇ ਸੋਮਵਾਰ (16 ਜੂਨ) ਨੂੰ ਸੇਵਾ ਮੁੜ ਸ਼ੁਰੂ ਕੀਤੀ ਪਰ ਨਵੇਂ ਫਲਾਈਟ ਕੋਡ AI-159 ਨਾਲ।' ਉਨ੍ਹਾਂ ਕਿਹਾ ਕਿ ਵਾਪਸੀ ਦੀ ਉਡਾਣ ਜਿਸਦਾ ਕੋਡ AI-160 ਸੀ, ਮੰਗਲਵਾਰ ਦੁਪਹਿਰ ਨੂੰ ਨਿਰਧਾਰਤ ਸਮੇਂ ਅਨੁਸਾਰ SVPIA 'ਚ ਉਤਰੀ।
- PTC NEWS