Air India ਦੇ ਜਹਾਜ਼ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ , 1 ਦਿਨ 'ਚ 7 ਉਡਾਣਾਂ ਹੋਈਆਂ ਰੱਦ ,ਜਾਣੋਂ ਕੀ ਹੈ ਵਜ੍ਹਾ
Air India Cancel Flight : ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਦਾ ਉਡਾਣ ਸੰਚਾਲਨ ਬਹੁਤ ਪ੍ਰਭਾਵਿਤ ਹੋਇਆ ਹੈ। ਮੰਗਲਵਾਰ ਨੂੰ ਹੀ ਏਅਰ ਇੰਡੀਆ ਨੇ 7 ਉਡਾਣਾਂ ਰੱਦ ਕਰ ਦਿੱਤੀਆਂ। ਇਨ੍ਹਾਂ ਵਿੱਚੋਂ 6 ਡ੍ਰੀਮਲਾਈਨਰ ਉਡਾਣਾਂ ਸਨ। ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਹੀ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ,ਜਿਸ ਵਿੱਚ ਸਿਰਫ਼ ਇੱਕ ਯਾਤਰੀ ਬਚਿਆ ਸੀ। ਇਸ ਤੋਂ ਬਾਅਦ ਏਅਰ ਇੰਡੀਆ ਦੇ ਜਹਾਜ਼ਾਂ ਅਤੇ ਸੰਚਾਲਨ 'ਤੇ ਵੀ ਸਵਾਲ ਉਠ ਰਹੇ ਸਨ। ਏਅਰ ਇੰਡੀਆ ਦਾ ਕਹਿਣਾ ਹੈ ਕਿ ਚੈਕਿੰਗ ਦੌਰਾਨ ਪਾਈਆਂ ਗਈਆਂ ਕੁਝ ਬੇਨਿਯਮੀਆਂ ਕਾਰਨ ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ AI915 ਦਿੱਲੀ ਤੋਂ ਦੁਬਈ- B788 ਡ੍ਰੀਮਲਾਈਨਰ, AI153 ਦਿੱਲੀ ਤੋਂ ਵਿਯੇਨ੍ਨਾ ਡ੍ਰੀਮਲਾਈਨਰ, AI143 ਦਿੱਲੀ ਤੋਂ ਪੈਰਿਸ ਡ੍ਰੀਮਲਾਈਨਰ, AI159 ਅਹਿਮਦਾਬਾਦ ਤੋਂ ਲੰਡਨ ਡ੍ਰੀਮਲਾਈਨਰ, AI170 ਲੰਡਨ ਤੋਂ ਅੰਮ੍ਰਿਤਸਰ ਡ੍ਰੀਮਲਾਈਨਰ, AI133 ਬੰਗਲੁਰੂ ਤੋਂ ਲੰਡਨ ਡ੍ਰੀਮਲਾਈਨਰ ਅਤੇ AI179 ਮੁੰਬਈ ਤੋਂ ਸੈਨ ਫਰਾਂਸਿਸਕੋ B777 ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ 171 ਬੀ 788 ਡ੍ਰੀਮਲਾਈਨਰ ਜਹਾਜ਼ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਸਿਰਫ਼ 30 ਸਕਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ। ਏਅਰ ਇੰਡੀਆ ਨੇ ਕਿਹਾ ਕਿ ਮੰਗਲਵਾਰ ਨੂੰ ਦਿੱਲੀ ਤੋਂ ਪੈਰਿਸ ਜਾਣ ਵਾਲੀ ਉਡਾਣ ਕਿਸੇ ਸਮੱਸਿਆ ਕਾਰਨ ਰੱਦ ਕਰ ਦਿੱਤੀ ਗਈ ਹੈ। ਯਾਤਰੀਆਂ ਦੇ ਠਹਿਰਨ ਲਈ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਜੇਕਰ ਉਡਾਣ ਨੂੰ ਮੁੜ ਸ਼ਡਿਊਲ ਕੀਤਾ ਜਾਂਦਾ ਹੈ ਜਾਂ ਕੋਈ ਆਪਣਾ ਟਿਕਟ ਕੈਂਸਲ ਕਰਵਾਉਂਦਾ ਹੈ ਤਾਂ ਉਸਨੂੰ ਪੂਰਾ ਰਿਫੰਡ ਮਿਲੇਗਾ।
ਏਅਰ ਇੰਡੀਆ ਦਾ ਕਹਿਣਾ ਹੈ ਕਿ ਹਵਾਈ ਖੇਤਰ ਵਿੱਚ ਵਧੀ ਹੋਈ ਜਾਂਚ ਅਤੇ ਪਾਬੰਦੀਆਂ ਕਾਰਨ ਜਹਾਜ਼ਾਂ ਨੂੰ ਮੰਜ਼ਿਲ 'ਤੇ ਪਹੁੰਚਣ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜਹਾਜ਼ਾਂ ਦੀ ਉਪਲਬਧਤਾ ਘੱਟ ਹੈ। ਇਸ ਲਈ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਏਅਰਲਾਈਨ ਨੇ ਕਿਹਾ ਕਿ ਡੀਜੀਸੀਏ ਏਅਰ ਇੰਡੀਆ ਦੇ ਜਹਾਜ਼ਾਂ ਦੀ ਜਾਂਚ ਕਰ ਰਿਹਾ ਹੈ।
- PTC NEWS