Punjab Weather : ਚੰਡੀਗੜ੍ਹ ਸਮੇਤ ਪੰਜਾਬ ਦੇ 9 ਜ਼ਿਲਿਆਂ 'ਚ ਅਲਰਟ ਜਾਰੀ, ਮੌਸਮ ਵਿਭਾਗ ਵਲ੍ਹੋਂ ਮੀਂਹ ਦੀ ਚਿਤਾਵਨੀ
Punjab Weather update: ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਵੱਖ-ਵੱਖ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਪੰਜਾਬ ਦੇ ਜ਼ਿਆਦਾਤਰ ਦਰਿਆਵਾਂ ਵਿੱਚ ਪਾਣੀ ਭਰ ਗਿਆ ਹੈ। ਇਸ ਕਾਰਨ ਸੂਬੇ ਦੇ ਵੱਖ-ਵੱਖ ਦਰਿਆਈ ਕੰਢੇ ਵਾਲੇ ਇਲਾਕਿਆਂ ਵਿੱਚ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਨੌਂ ਜ਼ਿਲ੍ਹਿਆਂ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ ਅਤੇ ਅੰਮ੍ਰਿਤਸਰ ਵਿੱਚ ਬੁੱਧਵਾਰ ਤੋਂ ਤਿੰਨ ਦਿਨਾਂ ਲਈ ਮੀਂਹ ਦਾ ਅਲਰਟ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਤਿੰਨ ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਬਾਰਿਸ਼ ਦੌਰਾਨ ਸਾਵਧਾਨੀ ਨਾਲ ਵਾਹਨ ਚਲਾਉਣ, ਦਰੱਖਤਾਂ ਦੇ ਹੇਠਾਂ ਪਨਾਹ ਨਾ ਲੈਣ, ਜਲਘਰਾਂ ਦੇ ਨੇੜੇ ਨਾ ਜਾਣ ਅਤੇ ਬਹੁਤ ਜ਼ਰੂਰੀ ਹੋਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ।
ਫਾਜ਼ਿਲਕਾ ਅਤੇ ਫਿਰੋਜ਼ਪੁਰ ਦਾ ਹੋਇਆ ਭਾਰੀ ਨੁਕਸਾਨ:
ਪੰਜਾਬ ਵਿੱਚ ਇੱਕ ਵਾਰ ਫਿਰ ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਕਾਰਨ ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਕਾਫੀ ਨੁਕਸਾਨ ਹੋਇਆ ਹੈ। ਫਾਜ਼ਿਲਕਾ ਦੇ ਭਾਰਤ-ਪਾਕਿ ਸਰਹੱਦ 'ਤੇ ਪੈਂਦੇ ਪਿੰਡ ਢਾਣੀ ਨੱਥਾ ਸਿੰਘ ਵਾਲਾ ਵਿੱਖੇ ਪੁਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ, ਜਿਸ ਕਾਰਨ ਪੰਜ ਢਾਣੀਆਂ (ਸ਼ਹਿਰੀ ਆਬਾਦੀ ਤੋਂ ਬਾਹਰ) ਦਾ ਜਲਾਲਾਬਾਦ ਨਾਲ ਸੰਪਰਕ ਟੁੱਟ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਦੋ ਕਿਸ਼ਤੀਆਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਕਈ ਇਲਾਕਿਆਂ ਵਿੱਚ ਅਜੇ ਵੀ ਸਕੂਲ ਬੰਦ ਦਾ ਆਦੇਸ਼:
ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਾਲੂ ਵਾਲਾ ਵਿੱਚ ਹੜ੍ਹ ਕਾਰਨ ਕਈ ਘਰ ਢਹਿ ਗਏ ਹਨ। ਇੱਥੇ ਪਿੰਡ ਵਾਸੀਆਂ ਨੂੰ ਆਪਣਾ ਸਮਾਨ ਲੈ ਕੇ ਘਰਾਂ ਦੀ ਛੱਤ 'ਤੇ ਬੈਠਣਾ ਪਿਆ। ਕਈ ਪਿੰਡ ਵਾਸੀਆਂ ਨੇ ਉੱਥੇ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸ਼ਰਨ ਲਈ ਹੋਈ ਹੈ। ਪਾਣੀ ਘਰਾਂ ਵਿੱਚ ਵੜ ਗਿਆ ਹੈ। ਫਿਰੋਜ਼ਪੁਰ ਦੇ 8 ਅਤੇ ਫਾਜ਼ਿਲਕਾ ਦੇ 10 ਸਕੂਲ 29 ਤਰੀਕ ਤੱਕ ਬੰਦ ਕਰ ਦਿੱਤੇ ਗਏ ਹਨ। ਜਲੰਧਰ ਦੇ ਲੋਹੀਆਂ ਅਤੇ ਪਟਿਆਲਾ ਦੇ ਕੁੱਝ ਇਲਾਕਿਆਂ ਵਿੱਚ ਅਜੇ ਤੱਕ ਸਕੂਲ ਨਹੀਂ ਖੁੱਲ੍ਹੇ ਹਨ।
- PTC NEWS