Tue, Oct 20, 2026
Whatsapp

ਪੰਜਾਬ ਦੇ ਨਸ਼ਾ ਪੀੜਤਾਂ ਤੱਕ ਅਮਿਤ ਸ਼ਾਹ ਦੀ ਸਿੱਧੀ ਪਹੁੰਚ ਨੇ ਨਿਆਂ ਅਤੇ ਜਵਾਬਦੇਹੀ ਨੂੰ ਨਸ਼ਿਆਂ ਵਿਰੁੱਧ ਲੜਾਈ ਦੇ ਕੇਂਦਰ ਵਿੱਚ ਲਿਆਂਦਾ: ਸਤਨਾਮ ਸੰਧੂ

ਨਸ਼ਿਆਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਇਕੱਲਿਆਂ ਸੰਘਰਸ਼ ਕਰਨ ਲਈ ਨਹੀਂ ਛੱਡਿਆ ਜਾਣਾ ਚਾਹੀਦਾ। ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ,

Reported by:  PTC News Desk  Edited by:  Amritpal Singh -- October 20th 2026 06:58 PM
ਪੰਜਾਬ ਦੇ ਨਸ਼ਾ ਪੀੜਤਾਂ ਤੱਕ ਅਮਿਤ ਸ਼ਾਹ ਦੀ ਸਿੱਧੀ ਪਹੁੰਚ ਨੇ ਨਿਆਂ ਅਤੇ ਜਵਾਬਦੇਹੀ ਨੂੰ ਨਸ਼ਿਆਂ ਵਿਰੁੱਧ ਲੜਾਈ ਦੇ ਕੇਂਦਰ ਵਿੱਚ ਲਿਆਂਦਾ: ਸਤਨਾਮ ਸੰਧੂ

ਪੰਜਾਬ ਦੇ ਨਸ਼ਾ ਪੀੜਤਾਂ ਤੱਕ ਅਮਿਤ ਸ਼ਾਹ ਦੀ ਸਿੱਧੀ ਪਹੁੰਚ ਨੇ ਨਿਆਂ ਅਤੇ ਜਵਾਬਦੇਹੀ ਨੂੰ ਨਸ਼ਿਆਂ ਵਿਰੁੱਧ ਲੜਾਈ ਦੇ ਕੇਂਦਰ ਵਿੱਚ ਲਿਆਂਦਾ: ਸਤਨਾਮ ਸੰਧੂ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੇ ਕਹਿਰ ਤੋਂ ਪ੍ਰਭਾਵਿਤ ਲੋਕਾਂ ਅਤੇ ਆਪਣੇ ਪਿਆਰਿਆਂ ਨੂੰ ਗੁਆ ਚੁੱਕੇ ਪਰਿਵਾਰਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀ ਪੀੜਾ ਸੁਣਨ ਨਾਲ ਨਿਆਂ ਦੀ ਉਡੀਕ ਕਰ ਰਹੇ ਪਰਿਵਾਰਾਂ ਦੀ ਆਵਾਜ਼ ਨੂੰ ਕੌਮੀ ਪੱਧਰ 'ਤੇ ਵਿਸ਼ੇਸ਼ ਤਵੱਜੋ ਮਿਲੀ ਹੈ। ਇਹ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਦਾ ਇੱਕ ਨਿਰਣਾਇਕ ਪਲ ਹੈ। ਇਹ ਗੱਲ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਮੰਗਲਵਾਰ ਨੂੰ ਕਹੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਪ੍ਰਭਾਵਸ਼ਾਲੀ ਕਾਨੂੰਨੀ ਕਾਰਵਾਈ, ਹਰ ਪੱਧਰ 'ਤੇ ਜਵਾਬਦੇਹੀ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਨਿਆਂ ਯਕੀਨੀ ਬਣਾਉਣ ਦੇ ਸੰਕਲਪ ਨਾਲ ਅੱਗੇ ਵਧਾਉਣਾ ਲਾਜ਼ਮੀ ਹੈ।


ਸੰਧੂ ਨੇ ਕਿਹਾ, “ਨਸ਼ਿਆਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਇਕੱਲਿਆਂ ਸੰਘਰਸ਼ ਕਰਨ ਲਈ ਨਹੀਂ ਛੱਡਿਆ ਜਾਣਾ ਚਾਹੀਦਾ। ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ, ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਨਿਰਪੱਖਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ ਅਤੇ ਨਿਆਂ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਅਮਿਤ ਸ਼ਾਹ ਵੱਲੋਂ ਪ੍ਰਭਾਵਿਤ ਪਰਿਵਾਰਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਨਾ ਅਤੇ ਉਨ੍ਹਾਂ ਨੂੰ ਇਹ ਭਰੋਸਾ ਦੇਣਾ ਕਿ ਨਿਆਂ ਦੇ ਰਾਹ ਵਿੱਚ ਕੋਈ ਵੀ ਤਾਕਤ ਅੜਿੱਕਾ ਨਹੀਂ ਬਣ ਸਕਦੀ, ਇਹ ਸਪੱਸ਼ਟ ਸੰਦੇਸ਼ ਹੈ ਕਿ ਉਨ੍ਹਾਂ ਦੀ ਪੀੜਾ ਨੂੰ ਅਣਗੌਲਿਆ ਨਹੀਂ ਕੀਤਾ ਜਾਵੇਗਾ।”


ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚ ਕਰਨ ਲਈ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਸੰਧੂ ਨੇ ਕਿਹਾ ਕਿ ਗ੍ਰਹਿ ਮੰਤਰੀ ਦੀ ਇਹ ਪਹਿਲ ਪੰਜਾਬ ਦੇ ਨਸ਼ਿਆਂ ਦੇ ਸੰਕਟ ਨੂੰ ਇਸ ਦੇ ਮਨੁੱਖੀ ਪੱਖ ਤੋਂ ਸਮਝਣ ਅਤੇ ਇਸ ਦੇ ਹੱਲ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ, “ਅੰਕੜਿਆਂ, ਕਾਨੂੰਨ ਲਾਗੂ ਕਰਨ ਦੀਆਂ ਕਾਰਵਾਈਆਂ ਅਤੇ ਸਿਆਸੀ ਬਿਆਨਾਂ ਤੋਂ ਇਲਾਵਾ ਅਜਿਹੇ ਪਰਿਵਾਰ ਵੀ ਹਨ, ਜੋ ਆਪਣੇ ਪਿਆਰਿਆਂ ਨੂੰ ਗੁਆਉਣ ਦੇ ਅਸਹਿ ਦੁੱਖ ਅਤੇ ਅਣਸੁਲਝੇ ਸਵਾਲਾਂ ਨਾਲ ਜੀ ਰਹੇ ਹਨ। ਗ੍ਰਹਿ ਮੰਤਰੀ ਨੇ ਉਨ੍ਹਾਂ ਦੇ ਮਾਮਲਿਆਂ ਨੂੰ ਨਿੱਜੀ ਤੌਰ 'ਤੇ ਸੁਣਿਆ, ਉਨ੍ਹਾਂ ਦੀ ਪੀੜਾ ਨੂੰ ਸਮਝਿਆ ਅਤੇ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ। ਇਸ ਸਿੱਧੇ ਸੰਵਾਦ ਨੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਉਹ ਕੌਮੀ ਧਿਆਨ ਦਿਵਾਇਆ ਹੈ, ਜਿਸ ਦੀ ਉਹ ਹੱਕਦਾਰ ਹਨ।”


ਤੁਰ ਬੰਜਾਰਾ ਦੇ ਆਪਣੇ ਦੌਰੇ ਦੌਰਾਨ ਗ੍ਰਹਿ ਮੰਤਰੀ ਦੇ ਨਾਲ ਮੌਜੂਦ ਰਹੇ ਸੰਧੂ ਨੇ ਦੱਸਿਆ ਕਿ  ਅਮਿਤ ਸ਼ਾਹ ਨੇ ਸਵਰਗੀ ਗੁਲਜ਼ਾਰ ਸਿੰਘ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮੋਹਨਜੀਤ ਸ਼ੇਰੋਂ ਅਤੇ ਸਮਨਦੀਪ ਸਿੰਘ ਦੀ ਮਾਤਾ ਨਾਲ ਵੀ ਵੱਖ-ਵੱਖ ਮੁਲਾਕਾਤਾਂ ਕੀਤੀਆਂ। ਗ੍ਰਹਿ ਮੰਤਰੀ ਨੇ ਸਾਰਿਆਂ ਦੀਆਂ ਚਿੰਤਾਵਾਂ ਨੂੰ ਧੀਰਜ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਨਿਆਂ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣਗੇ।


ਸੰਧੂ ਨੇ ਦੱਸਿਆ ਕਿ ਗੱਲਬਾਤ ਦੌਰਾਨ ਦੁਖੀ ਪਰਿਵਾਰਾਂ ਨੇ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੀਆਂ ਭੋਗ ਰਸਮਾਂ ਲੰਬੇ ਸਮੇਂ ਤੋਂ ਨਾ ਹੋ ਸਕਣ ਕਾਰਨ ਵੀ ਆਪਣੀ ਪੀੜਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਇਸ ਚਿੰਤਾ ਨੂੰ ਵੀ ਗੰਭੀਰਤਾ ਨਾਲ ਲਿਆ ਅਤੇ ਪਰਿਵਾਰਾਂ ਨੂੰ ਨਿਆਂ ਮਿਲਣ ਅਤੇ ਭੋਗ ਰਸਮਾਂ ਹੋਣ ਦਾ ਭਰੋਸਾ ਦਿੱਤਾ। ਇਸ ਨਾਲ ਲੰਬੇ ਸਮੇਂ ਤੋਂ ਦੁੱਖ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨੂੰ ਹੌਸਲਾ ਮਿਲਿਆ ਹੈ।


 ਸੰਧੂ ਨੇ ਕਿਹਾ, “ਇਨ੍ਹਾਂ ਪਰਿਵਾਰਾਂ ਲਈ ਨਿਆਂ ਕੋਈ ਅਮੂਰਤ ਸਿਆਸੀ ਵਾਅਦਾ ਨਹੀਂ, ਸਗੋਂ ਜਵਾਬਦੇਹੀ, ਸਨਮਾਨ ਅਤੇ ਮਨ ਦੀ ਸ਼ਾਂਤੀ ਨਾਲ ਜੁੜੀ ਇੱਕ ਨਿੱਜੀ ਤੇ ਗੰਭੀਰ ਮੰਗ ਹੈ। ਆਪਣੇ ਵਿਛੜਿਆਂ ਲਈ ਸਨਮਾਨ ਨਾਲ ਸੋਗ ਮਨਾਉਣਾ ਉਨ੍ਹਾਂ ਦਾ ਹੱਕ ਹੈ ਅਤੇ ਇਸ ਹੱਕ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਨਿਆਂ ਦੀ ਉਨ੍ਹਾਂ ਦੀ ਮੰਗ 'ਤੇ ਵੀ ਬਿਨਾਂ ਦੇਰੀ ਦੇ ਕਾਰਵਾਈ ਹੋਣੀ ਚਾਹੀਦੀ ਹੈ। ਸ੍ਰੀ ਅਮਿਤ ਸ਼ਾਹ ਨੇ ਦੋਵਾਂ ਮਸਲਿਆਂ ਨੂੰ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਨਾਲ ਸੁਣਿਆ।”


ਦੁਸਹਿਰੇ ਦੇ ਮੌਕੇ 'ਤੇ ਗ੍ਰਹਿ ਮੰਤਰੀ ਦੇ ਦੌਰੇ ਦੀ ਮਹੱਤਤਾ ਉਜਾਗਰ ਕਰਦਿਆਂ ਸੰਧੂ ਨੇ ਕਿਹਾ ਕਿ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਇਹ ਤਿਉਹਾਰ ਪੰਜਾਬ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਨਸ਼ਿਆਂ ਦੇ ਕਹਿਰ ਨੇ ਸੂਬੇ ਦੇ ਸਮਾਜਿਕ ਤਾਣੇ-ਬਾਣੇ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਡੂੰਘਾ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਨੂੰ ਨਸ਼ਾ ਤਸਕਰੀ ਦੇ ਨੈੱਟਵਰਕਾਂ ਨੂੰ ਤਬਾਹ ਕਰਨ ਅਤੇ ਇਸ ਬੁਰਾਈ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਵੇਂ ਸੰਕਲਪ ਵਜੋਂ ਲਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ, “ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਜ਼ਮੀਨੀ ਪੱਧਰ 'ਤੇ ਠੋਸ ਕਾਰਵਾਈ ਵਿੱਚ ਬਦਲਣਾ ਚਾਹੀਦਾ ਹੈ। ਪੰਜਾਬ ਸਿਰਫ਼ ਬਿਆਨਬਾਜ਼ੀ ਨਾਲ ਨਸ਼ਿਆਂ ਦੇ ਕਹਿਰ 'ਤੇ ਕਾਬੂ ਨਹੀਂ ਪਾ ਸਕਦਾ। ਇਸ ਲਈ ਨਸ਼ਾ ਤਸਕਰਾਂ ਵਿਰੁੱਧ ਬਿਨਾਂ ਕਿਸੇ ਸਮਝੌਤੇ ਦੇ ਸਖ਼ਤ ਕਾਰਵਾਈ, ਹਰ ਪੱਧਰ 'ਤੇ ਜਵਾਬਦੇਹੀ ਅਤੇ ਅੱਗੇ ਆ ਕੇ ਆਪਣੀ ਗੱਲ ਰੱਖਣ ਵਾਲਿਆਂ ਦੀ ਭਰੋਸੇਯੋਗ ਸੁਰੱਖਿਆ ਲਾਜ਼ਮੀ ਹੈ। ਪੀੜਤਾਂ ਨੂੰ ਨਿਆਂ ਅਤੇ ਨਾਗਰਿਕਾਂ ਵਿੱਚ ਭਰੋਸਾ ਪੈਦਾ ਕੀਤੇ ਬਿਨਾਂ ਨਸ਼ਿਆਂ ਵਿਰੁੱਧ ਲੜਾਈ ਆਪਣੇ ਉਦੇਸ਼ ਨੂੰ ਪੂਰਾ ਨਹੀਂ ਕਰ ਸਕਦੀ।”

ਸੰਧੂ ਨੇ ਦੁਖੀ ਪਰਿਵਾਰਾਂ ਦੀਆਂ ਲਗਾਤਾਰ ਕਾਇਮ ਚਿੰਤਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਥਿਤੀ ਸਿਰਫ਼ ਭਰੋਸਿਆਂ ਦੀ ਨਹੀਂ, ਸਗੋਂ ਸਪੱਸ਼ਟ ਜਵਾਬਾਂ ਅਤੇ ਠੋਸ ਪ੍ਰਗਤੀ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਨ੍ਹਾਂ ਮਾਮਲਿਆਂ ਵਿੱਚ ਹੋ ਰਹੀ ਦੇਰੀ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਜਿੱਥੇ ਲੋੜ ਹੋਵੇ ਉੱਥੇ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਵੱਲੋਂ ਉਠਾਏ ਗਏ ਮਾਮਲਿਆਂ ਵਿੱਚ ਠੋਸ ਕਾਰਵਾਈ ਕਰਕੇ ਦਿਖਾਉਣਾ ਚਾਹੀਦਾ ਹੈ।

ਸੰਧੂ ਨੇ ਕਿਹਾ, “ਜਦੋਂ ਪਰਿਵਾਰ ਅਜੇ ਵੀ ਨਿਆਂ ਦੀ ਉਡੀਕ ਕਰ ਰਹੇ ਹੋਣ, ਤਾਂ ਸਰਕਾਰ ਅਵੇਸਲੀ ਨਹੀਂ ਰਹਿ ਸਕਦੀ। ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਹੋਈ ਪ੍ਰਗਤੀ ਬਾਰੇ ਸਪੱਸ਼ਟ ਜਾਣਕਾਰੀ ਮਿਲਣੀ ਚਾਹੀਦੀ ਹੈ। ਜ਼ਿੰਮੇਵਾਰ ਲੋਕਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਹ ਭਰੋਸਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਵਿਅਕਤੀ ਜਾਂ ਨੈੱਟਵਰਕ ਕਾਨੂੰਨ ਦੀ ਪਹੁੰਚ ਤੋਂ ਬਾਹਰ ਰਹਿ ਕੇ ਕੰਮ ਨਹੀਂ ਕਰ ਸਕਦਾ। ਸੂਬਾ ਸਰਕਾਰ ਨੂੰ ਆਪਣੇ ਐਲਾਨੇ ਵਾਅਦਿਆਂ ਅਤੇ ਵਚਨਬੱਧਤਾਵਾਂ ਨੂੰ ਮਾਪਣਯੋਗ ਨਤੀਜਿਆਂ ਵਿੱਚ ਬਦਲਣਾ ਹੋਵੇਗਾ।”

ਸੰਧੂ ਨੇ ਅੱਗੇ ਕਿਹਾ ਕਿ ਅਮਿਤ ਸ਼ਾਹ ਦੀ ਇਸ ਪਹਿਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੇ ਨਸ਼ਾ ਮੁਕਤ ਪੰਜਾਬ ਦੇ ਸੰਕਲਪ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਸਿੱਧੇ ਤੌਰ 'ਤੇ ਸੁਣਨ ਨਾਲ ਉਨ੍ਹਾਂ ਦੀ ਨਿਆਂ ਦੀ ਮੰਗ ਸਥਾਨਕ ਪੱਧਰ ਦੀ ਸ਼ਿਕਾਇਤ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਨਸ਼ਿਆਂ ਵਿਰੁੱਧ ਲੜਾਈ ਅਤੇ ਕਮਜ਼ੋਰ ਵਰਗਾਂ ਦੀ ਸੁਰੱਖਿਆ ਲਈ ਦੇਸ਼ ਦੀ ਵਿਆਪਕ ਵਚਨਬੱਧਤਾ ਦਾ ਅਹਿਮ ਹਿੱਸਾ ਬਣ ਗਈ ਹੈ।

ਸੰਧੂ ਨੇ ਕਿਹਾ, “ਪੰਜਾਬ ਦਾ ਭਵਿੱਖ ਨਸ਼ਾ ਮੁਕਤ ਹੋਣਾ ਚਾਹੀਦਾ ਹੈ ਅਤੇ ਇਸ ਭਵਿੱਖ ਦੀ ਨੀਂਹ ਨਿਆਂ, ਜਵਾਬਦੇਹੀ ਅਤੇ ਲੋਕਾਂ ਦੇ ਭਰੋਸੇ 'ਤੇ ਟਿਕੀ ਹੋਣੀ ਚਾਹੀਦੀ ਹੈ। ਅਮਿਤ ਸ਼ਾਹ ਦੀ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਨੇ ਉਨ੍ਹਾਂ ਨੂੰ ਇਕਜੁੱਟਤਾ ਅਤੇ ਸਹਿਯੋਗ ਦਾ ਮਜ਼ਬੂਤ ਸੰਦੇਸ਼ ਦਿੱਤਾ ਹੈ ਅਤੇ ਇਸ ਮਿਸ਼ਨ ਨੂੰ ਹੋਰ ਤਤਕਾਲਤਾ ਪ੍ਰਦਾਨ ਕੀਤੀ ਹੈ। ਇਸ ਸੰਕਲਪ ਦੀ ਅਸਲ ਪਰਖ ਉਦੋਂ ਹੋਵੇਗੀ, ਜਦੋਂ ਹਰ ਸ਼ਿਕਾਇਤ ਨੂੰ ਬਣਦਾ ਧਿਆਨ ਮਿਲੇਗਾ, ਹਰ ਪੀੜਤ ਪਰਿਵਾਰ ਦੀ ਆਵਾਜ਼ ਸੁਣੀ ਜਾਵੇਗੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਤਬਾਹ ਕਰਨ ਵਾਲੇ ਨੈੱਟਵਰਕਾਂ ਵਿਰੁੱਧ ਨਿਰਣਾਇਕ ਕਾਰਵਾਈ ਕੀਤੀ ਜਾਵੇਗੀ।”


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK