Operation Sindoor : ਮਦਰੱਸਿਆਂ ਦੇ ਸਿਲੇਬਸ 'ਚ ਸ਼ਾਮਲ ਕੀਤਾ ਜਾਵੇਗਾ 'ਆਪ੍ਰੇਸ਼ਨ ਸਿੰਦੂਰ', ਉਤਰਾਖੰਡ ਦੀ ਧਾਮੀ ਸਰਕਾਰ ਦਾ ਵੱਡਾ ਫੈਸਲਾ
Operation Sindoor In Uttrakhand Madrasa : ਉਤਰਾਖੰਡ ਦੇ ਮਦਰੱਸਿਆਂ ਵਿੱਚ ਹੁਣ ਵਿਦਿਆਰਥੀਆਂ ਨੂੰ 'ਆਪ੍ਰੇਸ਼ਨ ਸਿੰਦੂਰ' ਬਾਰੇ ਪੜ੍ਹਾਇਆ ਜਾਵੇਗਾ। ਆਪਰੇਸ਼ਨ ਸਿੰਦੂਰ ਦੀ ਸਫਲਤਾ ਨੂੰ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇਗਾ। ਜਿਸ ਵਿੱਚ ਭਾਰਤੀ ਫੌਜ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਸਮਰਪਣ ਦੀ ਪ੍ਰੇਰਨਾਦਾਇਕ ਕਹਾਣੀ ਹੋਵੇਗੀ। ਇਸ ਵੇਲੇ ਰਾਜ ਦੇ 451 ਰਜਿਸਟਰਡ ਮਦਰੱਸਿਆਂ ਵਿੱਚ 50 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਨੂੰ ਹੁਣ ਇਸ ਨਵੀਂ ਪਹਿਲਕਦਮੀ ਤਹਿਤ ਦੇਸ਼ ਭਗਤੀ ਨਾਲ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ।
ਉਤਰਾਖੰਡ ਮਦਰੱਸਾ ਬੋਰਡ ਦੇ ਪ੍ਰਧਾਨ ਮੁਫਤੀ ਸ਼ਮੂਨ ਕਾਸਮੀ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਬੋਰਡ ਦੇ ਚੇਅਰਮੈਨ ਕਾਸਮੀ ਨੇ ਸਿੱਖਿਆ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਦੇ ਇੱਕ ਵਫ਼ਦ ਨਾਲ ਐਤਵਾਰ ਸ਼ਾਮ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਰੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ। ਵਫ਼ਦ ਨੇ 'ਆਪ੍ਰੇਸ਼ਨ ਸਿੰਦੂਰ' ਦੀ ਸਫਲਤਾ ਲਈ ਭਾਰਤੀ ਸੈਨਾਵਾਂ ਨੂੰ ਵਧਾਈ ਦਿੱਤੀ।
ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਤਬਾਹ ਕੀਤੇ ਅੱਤਵਾਦੀ ਟਿਕਾਣੇ
ਭਾਰਤ ਨੇ ਅੱਤਵਾਦ ਖਿਲਾਫ਼ ਆਪਣੇ ਰੁਖ ਨੂੰ ਦੁਨੀਆ ਦੇ ਸਾਹਮਣੇ ਸਪੱਸ਼ਟ ਕਰਦੇ ਹੋਏ 6 ਅਤੇ 7 ਮਈ ਦੀ ਰਾਤ ਨੂੰ 'ਆਪ੍ਰੇਸ਼ਨ ਸਿੰਦੂਰ' ਨੂੰ ਅੰਜ਼ਾਮ ਦਿੱਤਾ। ਇਸ ਕਾਰਵਾਈ ਦੇ ਤਹਿਤ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਕੁੱਲ 9 ਥਾਵਾਂ 'ਤੇ ਸਟੀਕ ਹਵਾਈ ਹਮਲੇ ਕੀਤੇ। ਇਹ ਸਾਰੇ ਟਿਕਾਣੇ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਭਾਰਤ ਵਿਰੋਧੀ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਸਨ।
ਇਸ ਯੋਜਨਾਬੱਧ ਅਤੇ ਰਣਨੀਤਕ ਕਾਰਵਾਈ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ। ਇਹ ਸਾਰੇ ਅੱਤਵਾਦੀ ਗਰੁੱਪ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ ਅਤੇ ਉਨ੍ਹਾਂ ਨੂੰ ਇਨ੍ਹਾਂ ਠਿਕਾਣਿਆਂ ਤੋਂ ਸਿਖਲਾਈ, ਹਥਿਆਰ ਅਤੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਸਨ। ਇਨ੍ਹਾਂ ਥਾਵਾਂ ਦੀ ਪਛਾਣ ਭਾਰਤੀ ਖੁਫੀਆ ਏਜੰਸੀਆਂ ਤੋਂ ਮਿਲੀ ਠੋਸ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ ਸੀ, ਜਿਸ ਤੋਂ ਬਾਅਦ ਫੌਜ ਨੇ 'ਆਪ੍ਰੇਸ਼ਨ ਸਿੰਦੂਰ' ਨੂੰ ਅੰਜ਼ਾਮ ਦਿੱਤਾ।
- PTC NEWS