Deepika Luthra ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਗ੍ਰਿਫ਼ਤਾਰ ਦੋਵਾਂ ਆਰੋਪੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ
Deepika Luthra Threats : ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਦੋਵਾਂ ਆਰੋਪੀਆਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਹੈ। ਰਮਨਦੀਪ ਸਿੰਘ ਦਾ 3 ਦਿਨ ਦਾ ਅਤੇ ਜਸਪ੍ਰੀਤ ਦਾ ਇੱਕ ਦਿਨ ਦਾ ਰਿਮਾਂਡ ਖ਼ਤਮ ਹੋਣ 'ਤੇ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ 2 ਦਿਨ ਪਹਿਲਾਂ ਜਸਪ੍ਰੀਤ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਢਿੱਲੋਂ ਨਗਰ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਸੀ। ਜਿਥੇ ਅਦਾਲਤ ਨੇ ਜਸਪ੍ਰੀਤ ਸਿੰਘ ਨੂੰ 1 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ। ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਜਸਪ੍ਰੀਤ ਸਿੰਘ ਕਤਲ ਕਰ ਕੇ ਫਰਾਰ ਹੋਏ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸੰਪਰਕ ਵਿਚ ਸੀ। ਇਸ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਨੇ ਰਮਨਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਦੇ ਦੱਸਣ ਮੁਤਾਬਕ ਰਮਨਦੀਪ ਨੇ ਦੀਪਿਕਾ ਨੂੰ ਧਮਕੀ ਭਰੀ ਮੇਲ ਭੇਜੀ ਸੀ। 13, 14 ਅਤੇ 15 ਜੂਨ ਨੂੰ ਦੀਪਿਕਾ ਨੂੰ ਧਮਕੀ ਭਰੀਆਂ 3 ਈਮੇਲ ਮਿਲੀਆਂ ਸਨ।
ਕਮਲ ਕੌਰ ਕਤਲ ਕਾਂਡ ਤੋਂ ਬਾਅਦ ਸਭ ਤੋਂ ਪਹਿਲਾਂ ਦੀਪਿਕਾ ਲੂਥਰਾ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਵਾਲਾ ਅੰਮ੍ਰਿਤਪਾਲ ਸਿੰਘ ਮਹਿਰੋਂ ਅਜੇ ਵੀ ਪੰਜਾਬ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ, ਜਦਕਿ ਉਸ ਦੇ ਸਹਿ-ਮੁਲਜ਼ਮ ਪੁਲਸ ਹਿਰਾਸਤ ਵਿਚ ਹਨ। ਇਸ ਮਾਮਲੇ ਵਿਚ ਉਹ ਲੋਕ ਜੋ ਮਹਿਰੋਂ ਤੋਂ ਪ੍ਰਭਾਵਿਤ ਹੋ ਕੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਧਮਕੀਆਂ ਦੇ ਰਹੇ ਸਨ, ਉਹ ਇਕ-ਇਕ ਕਰ ਕੇ ਪੁਲਸ ਦੀ ਗ੍ਰਿਫਤ ਵਿਚ ਆ ਰਹੇ ਹਨ।
ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਦੀਪਿਕਾ ਲੁਥਰਾ ਨੂੰ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਦੱਸ ਦਈਏ ਕਿ ਬਠਿੰਡਾ ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਦੀਪਿਕਾ ਲੁਥਰਾ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਦੀਪਿਕਾ ਵੱਲੋਂ ਅੰਮ੍ਰਿਤਸਰ ਦੀ ਪੁਲਿਸ ਨੂੰ ਦਰਖਾਸਤ ਦੇ ਕੇ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਉਸ ਤੋਂ ਬਾਅਦ ਫਿਰ ਤੋਂ ਈਮੇਲ ਦੇ ਰਾਹੀਂ ਦੀਪਿਕਾ ਲੁਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਅਤੇ ਦੂਸਰੇ ਪਾਸੇ ਅੰਮ੍ਰਿਤਸਰ ਪੁਲਿਸ ਵੱਲੋਂ ਦੀਪਿਕਾ ਲੁਥਰਾ ਦੀ ਸੁਰੱਖਿਆ ਦੇ ਵਿੱਚ ਪੁਲਿਸ ਕਰਮਚਾਰੀ ਵੀ ਤੈਨਾਤ ਕੀਤੇ ਗਏ ਸਨ।
ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆ
ਧਮਕੀਆਂ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੇ ਅੰਮ੍ਰਿਤਸਰ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਉਸਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਫੈਸਲਾ ਕਰਦੇ ਹੋਏ 5-6 ਪੁਲਿਸ ਮੁਲਾਜ਼ਮ ਉਸਦੇ ਘਰ ਬਾਹਰ ਤੈਨਾਤ ਕਰ ਦਿੱਤੇ।
- PTC NEWS