ਅੰਮ੍ਰਿਤਸਰ ਪੁਲਿਸ ਨੇ ਹੱਲ ਕੀਤਾ ਬੈਂਕ ਲੁੱਟ ਮਾਮਲਾ, 3 ਆਰੋਪੀ ਅਸਲੇ ਤੇ ਲੁੱਟ ਦੀ ਰਕਮ ਸਮੇਤ ਗ੍ਰਿਫ਼ਤਾਰ
ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਤਰਨਤਾਰਨ ਰੋਡ 'ਤੇ ਬੈਂਕ ਲੁੱਟ ਮਾਮਲੇ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ 3 ਨੌਜਵਾਨਾਂ ਨੂੰ ਦੋ ਪਿਸਤੌਲਾਂ ਅਤੇ ਲੁੱਟ ਕੀਤੀ ਗਈ ਰਕਮ ਦਾ ਕੁੱਝ ਹਿੱਸਾ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ, ਜਿਨ੍ਹਾਂ ਤੋਂ ਹੋਰ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਲੁੱਟ-ਖੋਹ ਦੇ ਮਾਮਲੇ ਵਿੱਚ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 2 ਪਿਸਤੌਲ ਅਤੇ 7 ਲੱਖ 70,000 ਰੁਪਏ ਦੀ ਲੁੱਟ ਦੀ ਰਕਮ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਲੋਂ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਪਿਸਤੌਲ ਦੀ ਨੋਕ 'ਤੇ ਅੰਜਾਮ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਜਾਂਚ ਵਿੱਚ ਪਤਾ ਲੱਗਿਆ ਸੀ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪੈਦਲ ਹੀ ਫਰਾਰ ਹੋ ਗਏ ਸਨ। ਜਿਨ੍ਹਾਂ ਨੂੰ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਟਰੇਸ ਕਰਦੇ ਹੋਏ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਤਿੰਨੇ ਮੁਲਜ਼ਮਾਂ ਦੀ ਉਮਰ 25 ਤੋਂ 32 ਸਾਲ ਦੇ ਵਿਚਕਾਰ ਹੈ, ਜਿਨ੍ਹਾਂ ਦੀ ਪਛਾਣ ਸੂਰਜ ਵਾਸੀ ਸੁਲਤਾਨਵਿੰਡ ਰੋਡ, ਪ੍ਰਿੰਸ ਗੋਬਿੰਦ ਨਗਰ ਅਤੇ ਇੰਦਰਜੀਤ ਭਾਈ ਮੰਝ ਸਿੰਘ ਰੋਡ ਵਜੋਂ ਹੋਈ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਲੁੱਟ ਤੋਂ ਬਾਅਦ ਕਾਰ ਅਤੇ ਸਾਈਕਲ ਵਰਗੀਆਂ ਜ਼ਰੂਰੀ ਵਸਤਾਂ ਖਰੀਦਣ ਦੀ ਵੀ ਯੋਜਨਾ ਬਣਾਈ ਸੀ। ਇਸ ਦੌਰਾਨ ਉਨ੍ਹਾਂ ਨੇ ਕੁਝ ਖਰੀਦਦਾਰੀ ਵੀ ਕੀਤੀ। ਇਸ ਲਈ ਕੁੱਲ 12 ਲੱਖ 70000 ਰੁਪਏ ਦੇ ਲਗਭਗ ਦੀ ਲੁੱਟ ਵਿਚੋਂ ਪੁਲਿਸ ਨੂੰ ਇਨ੍ਹਾਂ ਕੋਲੋਂ ਸਿਰਫ਼ 7 ਲੱਖ 70000 ਰੁਪਏ ਬਰਾਮਦ ਹੋਏ।
ਪੁਲਿਸ ਅਧਿਕਾਰੀ ਨੇ ਦੱਸਿਆ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਆਪਣੇ-ਆਪਣੇ ਘਰ ਜਾ ਕੇ ਕੱਪੜੇ ਵੀ ਬਦਲੇ ਗਏ ਸਨ। ਇਸ ਲਈ ਪਰਿਵਾਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਫਿਲਹਾਲ ਤਿੰਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
-