Balkaur Singh Emotional Post : ''ਪੁੱਤ ਦੇਖ, ਮੈਂ ਕਿੰਨਾ ਬਦਲ ਗਿਆ...ਮੈਂ ਹੁਣ ਮੈਂ ਨਹੀਂ...ਤੂੰ ਬਣ ਗਿਆ ਏਂ'' ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਬਲਕੌਰ ਸਿੰਘ
Balkaur Singh Emotional Post : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਭਾਵੇਂ ਇਸ ਦੁਨੀਆ ਤੋਂ ਚਲਾ ਗਿਆ ਹੈ, ਪਰ ਮਾਤਾ-ਪਿਤਾ ਨੂੰ ਉਹ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ। ਆਪਣੇ ਨੌਜਵਾਨ ਪੁੱਤ ਨੂੰ ਯਾਦ ਕਰਦਿਆਂ ਪਿਤਾ ਬਲਕੌਰ ਸਿੰਘ ਇੱਕ ਵਾਰ ਮੁੜ ਭਾਵੁਕ ਹੋ ਗਏ, ਜਿਸ ਬਾਰੇ ਉਨ੍ਹਾਂ ਨੇ ਮੂਸੇਵਾਲਾ ਦੇ ਫੈਨਜ਼ ਨਾਲ ਆਪਣੀ ਗੱਲ ਸਾਂਝੀ ਕੀਤੀ। ਬਲਕੌਰ ਸਿੰਘ ਨੇ ਇੰਸਟਾਗ੍ਰਾਮ 'ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, ''ਪੁੱਤ ਦੇਖ, ਮੈਂ ਕਿੰਨਾ ਬਦਲ ਗਿਆ...ਮੈਂ ਹੁਣ ਮੈਂ ਨਹੀਂ...ਤੂੰ ਬਣ ਗਿਆ ਏਂ।'' ਇਸ ਪੋਸਟ ਨਾਲ ਫੈਨਜ਼ ਵੀ ਭਾਵੁਕ ਹੋਏ ਅਤੇ ਬਲਕੌਰ ਸਿੰਘ ਨੂੰ ਹੌਸਲਾ ਦਿੰਦੇ ਵਿਖਾਈ ਦਿੱਤੇ।
ਫੈਨਜ਼ ਨਾਲ ਸਾਂਝੀ ਕੀਤੀ ਪੋਸਟ
ਬਲਕੌਰ ਸਿੰਘ ਨੇ ਪੋਸਟ 'ਚ ਲਿਖਿਆ, ''ਮੇਰੇ 'ਚ ਬੇਹੱਦ ਬਦਲਾਅ ਆਇਆ, ਤਿੰਨ ਸਾਲਾ 'ਚ ਮੈਂ ਮੇਰੇ ਤੇ ਮੇਰੇ ਪਰਿਵਾਰ ਦੇ ਕੁਝ ਉਨ੍ਹਾਂ ਲੋਕਾਂ ਨੂੰ ਜਿਹਨਾਂ ਨੂੰ ਮੈਂ ਆਪਣੇ ਕਿਹਾ ਉਨ੍ਹਾਂ ਨੂੰ ਖਿਲਾਫ ਦੇਖਿਆ, ਇਕ ਵਾਰ ਨਹੀਂ ਹਰ ਵਾਰ ਹੀ ਚਿਹਰਾ ਹੈਰਾਨ ਹੋਇਆ, ਜਦੋਂ ਵੀ ਮੇਰਾ ਕੋਈ ਖ਼ਾਸ ਬੇਨਕਾਬ ਹੋਇਆ, ਮੇਰੇ ਨਰਮ ਸੁਭਾਅ 'ਚ ਕਠੋਰਤਾ ਆਈ, ਮੇਰੀ ਸਹਿਜਤਾ 'ਚ, ਪਰਖ ਆ ਗਈ ਤੇ ਮੈਂ ਬਦਲ ਗਿਆ, ਤੇ ਬਦਲਣਾ ਜਾਇਜ ਵੀ ਸੀ, ਕਿਉਂਕਿ ਹਰ ਵਾਰ ਜਦ ਵੀ ਨਰਮਦਿਲੀ ਵਰਤੀ ਤਾਂ ਮੇਰੇ ਸਾਹਮਣੇ ਮੇਰੇ ਕਾਲੇ ਦਿਨਾਂ ਤਾ ਕੌੜਾ ਸੱਚ ਮੁਹਰੇ ਆ ਜਾਂਦਾ ਸੀ, ਤੇ ਉਹ ਚੀਕ-ਚੀਕ ਕਹਿੰਦਾ ਸੀ ਕਿ ਨਹੀ! ਹੁਣ ਤੂੰ ਪਹਿਲਾਂ ਜਿਆ ਨਹੀ ਰਹਿ ਸਕਦਾ …….''
ਉਨ੍ਹਾਂ ਲਿਖਿਆ, ''ਮੇਰਾ ਵਿਰੋਧ ਮੇਰੇ ਬਦਲਣ ਕਾਰਨ ਵੀ ਹੋਇਆ , ਮੇਰੀ ਵਿਚਾਰਧਾਰਾ ਕਾਰਨ ਵੀ ਹੋਇਆ ਤੇ ਮੈਂ ਇਹ ਸਭ ਦੇਖਿਆ ਤੇ ਹਰ ਵਾਰ ਆਪਣੇ ਪੁੱਤ ਕੋਲ ਖੜ੍ਹਾ ਹੋ, ਇਹੀ ਕਿਹਾ ਕਿ ਪੁੱਤ ਦੇਖ ਮੈਂ ਕਿੰਨਾ ਬਦਲ ਗਿਆ, ਮੈਂ ਹੁਣ ਮੈਂ ਨਹੀ ਤੂੰ ਬਣ ਗਿਆ ਏ ਤੇ ਮੇਰੇ ਮੋਢਿਆ 'ਤੇ ਹਰ ਵੇਲੇ ਤੇਰਾ ਆਖਰੀ ਵਾਰ ਚੱਕਿਆ ਭਾਰ ਤੇ ਤੇਰਾ ਮਾਸੂਮ ਚੁੱਪ ਪਿਆ ਚਿਹਰਾ ਹੀ ਮਹਿਸੂਸ ਹੁੰਦਾ ਏ ………''
ਬਲਕੌਰ ਸਿੰਘ ਨੇ ਅਖੀਰ 'ਚ ਲਿਖਿਆ, ''ਮੈਂ, ਮੇਰੇ ਖਿਲਾਫ ਗਏ ਤੇ ਮੇਰੇ ਨਾਲ ਰਹੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਜਿਹਾ ਸੰਤਾਪ ਜੇਕਰ ਤੁਹਾਡੇ 'ਚੋਂ ਕਿਸੇ ਨੇ ਹੰਢਾਇਆ ਹੁੰਦਾ ਤਾ ਉਹ ਵੀ ਅੱਜ ਮੇਰੇ ਜਹੇ ਹੁੰਦੇ! ਸ਼ੁੱਭ ਮੈਂ ਹੁਣ ਜਿਆਦਾ ਨਹੀ ਬੋਲਦਾ, ਜਿਆਦਾ ਨਹੀਂ ਹੱਸਦਾ, ਇੱਕਲਾ ਤੁਰਨਾ ਜਾਂ ਇਕੱਲੇ ਹੀ ਸੋਚਣਾ ਮੈਨੂੰ ਚੰਗਾ ਲੱਗਦਾ ਏ, ਪਰ ਅੱਜ ਇਹ ਗੱਲਾਂ ਕਰਨ ਨੂੰ ਜੀ ਕੀਤਾ, ਕਿਉਕਿ ਤੇਰੇ ਮਗਰੋਂ ਹੁਣ ਵੀ ਜੀ ਜਿਹਾ ਨਹੀ ਲੱਗ ਰਿਹਾ। ਤੇਰੀਆਂ ਯਾਦਾਂ ਦੇ ਖਿਆਲਾਂ 'ਚ ਤੇਰਾ ਬਾਪੂ।''
- PTC NEWS