Pakistan Train Hijack : ਪਾਕਿਸਤਾਨ 'ਚ ਟ੍ਰੇਨ ਹਾਈਜੈਕ, ਬਲੂਚ ਲਿਬਰੇਸ਼ਨ ਆਰਮੀ ਨੇ 100 ਤੋਂ ਵੱਧ ਯਾਤਰੀ ਬਣਾਏ ਬੰਦੀ, 6 ਫੌਜੀਆਂ ਦਾ ਕਤਲ
Train Hijack in Pakistan : ਪਾਕਿਸਤਾਨ 'ਚ ਅੱਤਵਾਦੀਆਂ ਨੇ ਪੂਰੀ ਟਰੇਨ ਹਾਈਜੈਕ ਕਰ ਲਈ ਹੈ। ਬਲੋਚ ਲਿਬਰੇਸ਼ਨ ਆਰਮੀ (BLA) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਬੋਲਾਨ ਵਿੱਚ ਜਫਰ ਐਕਸਪ੍ਰੈਸ (Jaffar Express) ਨੂੰ ਹਾਈਜੈਕ ਕਰ ਲਿਆ ਹੈ ਅਤੇ 100 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਖਿਲਾਫ ਕੋਈ ਫੌਜੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਉਹ ਸਾਰਿਆਂ ਨੂੰ ਮਾਰ ਦੇਣਗੇ। ਹੁਣ ਤੱਕ ਫੌਜ ਦੇ 6 ਜਵਾਨ ਸ਼ਹੀਦ ਹੋ ਚੁੱਕੇ ਹਨ।
ਬੰਧਕਾਂ ਵਿੱਚ ਪਾਕਿਸਤਾਨੀ ਫੌਜ, ਪੁਲਿਸ, ਅੱਤਵਾਦ ਰੋਕੂ ਬਲ (ਏਟੀਐਫ) ਅਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੇ ਸਰਗਰਮ ਡਿਊਟੀ ਵਾਲੇ ਕਰਮਚਾਰੀ ਸ਼ਾਮਲ ਹਨ। ਇਹ ਸਾਰੇ ਛੁੱਟੀ 'ਤੇ ਪੰਜਾਬ ਜਾ ਰਹੇ ਸਨ। ਬੀਐਲਏ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਰੇਨ ਵਿੱਚ ਮੌਜੂਦ ਸੈਨਿਕਾਂ ਨੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ।
ਔਰਤਾਂ ਤੇ ਬੱਚਿਆਂ ਨੂੰ ਕੀਤਾ ਰਿਹਾਅ
ਅਪਰੇਸ਼ਨ ਦੌਰਾਨ ਬੀਐਲਏ ਦੇ ਅੱਤਵਾਦੀਆਂ ਨੇ ਔਰਤਾਂ, ਬੱਚਿਆਂ ਅਤੇ ਬਲੋਚ ਯਾਤਰੀਆਂ ਨੂੰ ਰਿਹਾਅ ਕਰ ਦਿੱਤਾ। ਜਾਣਕਾਰੀ ਅਨੁਸਾਰ ਬੀਐਲਏ ਦੀ ਫਿਦਾਇਨ ਯੂਨਿਟ ਮਜੀਦ ਬ੍ਰਿਗੇਡ ਇਸ ਮਿਸ਼ਨ ਦੀ ਅਗਵਾਈ ਕਰ ਰਹੀ ਹੈ, ਜਿਸ ਵਿੱਚ ਫਤਿਹ ਸਕੁਐਡ, ਐਸਟੀਓਐਸ ਅਤੇ ਖੁਫੀਆ ਸ਼ਾਖਾ ਜੀਰਾਬ ਸ਼ਾਮਲ ਹਨ।
ਬਲੋਚ ਸਮੂਹਾਂ ਨੇ ਹਾਲ ਹੀ 'ਚ ਕੀਤਾ ਸੀ ਨਵੇਂ ਹਮਲਿਆਂ ਦਾ ਐਲਾਨ
ਕੁਝ ਦਿਨ ਪਹਿਲਾਂ ਬਲੋਚ ਸਮੂਹਾਂ ਨੇ ਪਾਕਿਸਤਾਨ ਅਤੇ ਚੀਨ ਵਿਰੁੱਧ ਨਵੇਂ ਹਮਲੇ ਦਾ ਐਲਾਨ ਕੀਤਾ ਸੀ। ਬਲੋਚ ਪ੍ਰਤੀਰੋਧ ਸਮੂਹ ਨੇ ਹਾਲ ਹੀ ਵਿੱਚ ਸਿੰਧੀ ਵੱਖਵਾਦੀ ਸਮੂਹਾਂ ਨਾਲ ਜੰਗੀ ਅਭਿਆਸ ਸਮਾਪਤ ਕੀਤਾ ਅਤੇ ਬਲੋਚ ਰਾਜੀ ਅਜੌਈ ਸੰਗਰ ਜਾਂ BRAS ਦੁਆਰਾ ਇੱਕ ਨਿਰਣਾਇਕ ਯੁੱਧ ਰਣਨੀਤੀ ਦਾ ਐਲਾਨ ਕਰਦੇ ਹੋਏ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ।
ਚੀਨ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਲਈ ਵੱਡਾ ਖ਼ਤਰਾ ਬਾਗੀ ਜਥੇਬੰਦੀਆਂ
BRAS ਦੇ ਆਉਣ ਨਾਲ ਪਾਕਿਸਤਾਨ ਵਿੱਚ ਚੀਨ ਵੱਲੋਂ ਚਲਾਏ ਜਾ ਰਹੇ ਕਈ CPEC ਪ੍ਰੋਜੈਕਟਾਂ ਲਈ ਇੱਕ ਵੱਡਾ ਖ਼ਤਰਾ ਹੈ। ਬਲੋਚ ਰਾਜੀ ਅਜੋਈ ਸੰਗਰ (BRAS) ਦੀ ਸਾਂਝੀ ਮੀਟਿੰਗ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਭੈਣ ਸੰਗਠਨਾਂ - ਬਲੋਚ ਲਿਬਰੇਸ਼ਨ ਆਰਮੀ, ਬਲੋਚਿਸਤਾਨ ਲਿਬਰੇਸ਼ਨ ਫਰੰਟ, ਬਲੋਚ ਰਿਪਬਲਿਕਨ ਗਾਰਡ ਅਤੇ ਸਿੰਧੀ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਸਿੰਧੂ ਦੇਸ਼ ਰੈਵੋਲਿਊਸ਼ਨਰੀ ਆਰਮੀ ਦੇ ਉੱਚ ਪੱਧਰੀ ਵਫਦ ਸ਼ਾਮਲ ਹੋਏ।
ਬਿਆਨ 'ਚ ਕਿਹਾ ਗਿਆ ਕਿ ਬਲੋਚ ਰਾਸ਼ਟਰੀ ਅੰਦੋਲਨ ਨੂੰ ਨਿਰਣਾਇਕ ਪੜਾਅ 'ਤੇ ਲਿਜਾਣ ਲਈ ਅਹਿਮ ਫੈਸਲੇ ਲਏ ਗਏ ਹਨ। ਇਸ ਮੀਟਿੰਗ ਵਿੱਚ ਇਸ ਗੱਲ 'ਤੇ ਸਹਿਮਤੀ ਬਣੀ ਕਿ ਬ੍ਰਾਸ ਜਲਦੀ ਹੀ ਬਲੋਚ ਨੈਸ਼ਨਲ ਆਰਮੀ ਦਾ ਰੂਪ ਧਾਰ ਲਵੇਗੀ।
- PTC NEWS