Bathinda News : ਅਣਪਛਾਤਿਆਂ ਨੇ ਭੰਨੇ ਗੁਰਦੁਆਰਾ ਸਾਹਿਬ ਦੀ ਡਿਓੜੀ ਦੇ ਸ਼ੀਸ਼ੇ, ਪੁਲਿਸ ਨੇ ਕੁੱਝ ਘੰਟਿਆਂ 'ਚ ਹੀ ਫੜਿਆ ਮੁਲਜ਼ਮ
Talwandi Sabo News : ਬੀਤੀ ਅੱਧੀ ਰਾਤ ਸ਼ਰਾਰਤੀ ਅਨਸਰ ਵੱਲੋਂ 100 ਫੁੱਟੀ ਰੋਡ ਤੇ. ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਸੰਗਤ ਸਿਵਿਲ ਸਟੇਸ਼ਨ ਦੀ ਡਿਓੜੀ ਦੇ ਸ਼ੀਸ਼ੇ ਰੋੜੇ ਮਾਰ ਕੇ ਭੰਨ ਦਿੱਤੇ ਗਏ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦਾ ਪਤਾ ਚੱਲਦੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਅਤੇ ਹੋਰਨਾਂ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋਂ ਅਤੇ ਗੁਰਤੇਜ ਸਿੰਘ ਨੇ ਕਿਹਾ ਕਿ ਇਸ ਘਟਨਾ ਸਬੰਧੀ ਜਦੋਂ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਸੂਚਿਤ ਕੀਤਾ ਗਿਆ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰਦੁਆਰਾ ਸਾਹਿਬ ਦੀ ਡਿਓੜੀ ਦੇ ਸ਼ੀਸ਼ੇ ਭੰਨੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ ਗਨੀਮਤ ਇਹ ਰਹੀ ਕਿ ਸ਼ਰਾਰਤੀ ਅਨਸਰ ਵੱਲੋਂ ਸਿਰਫ ਸ਼ੀਸ਼ੇ ਹੀ ਭੰਨੇ ਗਏ ਹਨ ਪਰ ਹੋਰ ਕਿਸੇ ਤਰ੍ਹਾਂ ਦੀ ਕੋਈ ਘਟਨਾ ਨੂੰ ਅੰਜਾਮ ਨਹੀਂ ਦਿੱਤਾ।
ਪੁਲਿਸ ਨੇ ਕੁੱਝ ਘੰਟਿਆਂ 'ਚ ਹੀ ਕਾਬੂ ਕੀਤਾ ਮੁਲਜ਼ਮ
ਉਧਰ, ਇਸ ਘਟਨਾ ਦਾ ਪਤਾ ਚੱਲਦੇ ਹੀ ਮੌਕੇ 'ਤੇ ਡੀਐਸਪੀ ਸਿਟੀ ਟੂ ਸਰਬਜੀਤ ਸਿੰਘ ਬਰਾੜ ਪਹੁੰਚੇ, ਜਿਨ੍ਹਾਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਗਏ। ਉਪਰੰਤ ਪੁਲਿਸ ਵੱਲੋਂ ਮਾਮਲੇ 'ਚ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕੁੱਝ ਘੰਟਿਆਂ ਬਾਅਦ ਹੀ ਕਾਬੂ ਕਰ ਲਿਆ ਗਿਆ।
ਪੁਲਿਸ ਜਾਣਕਾਰੀ ਅਨੁਸਾਰ ਸਵੇਰੇ ਥਾਣਾ ਸਿਵਲ ਲਾਈਨਜ ਬਠਿੰਡਾ ਨੂੰ ਇੱਕ ਇਤਲਾਹ ਮਿਲੀ ਕਿ ਗੁਰੂਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਨੇੜੇ 100 ਫੁੱਟੀ ਰੋਡ ਬਠਿੰਡਾ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰੂਦੁਆਰਾ ਸਾਹਿਬ ਦੀਆਂ ਬਾਹਰ ਵਾਲੀਆਂ ਖਿੜਕੀਆਂ ਦੇ ਇੱਟਾਂ ਰੋੜੇ ਮਾਰ ਕੇ ਸ਼ੀਸ਼ੇ ਤੋੜ ਦਿੱਤੇ ਸਨ। ਇਸ ਵਾਰਦਾਤ ਨੂੰ ਟਰੇਸ ਕਰਦਿਆਂ ਪੁਲਿਸ ਨੇ ਕੁੱਝ ਹੀ ਘੰਟਿਆਂ 'ਚ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਮੁਲਜ਼ਮ ਦੀ ਪਛਾਣ ਗੁਰਦੀਪ ਉਰਫ ਫੌਜੀ ਉਰਫ ਪੌਪੀ ਵਾਸੀ ਝੁੱਗੀਆਂ 100 ਫੁੱਟ ਰੋਡ, ਸ਼ਾਤ ਨਗਰ ਬਠਿੰਡਾ ਵਜੋਂ ਹੋਈ ਹੈ।
- PTC NEWS