Moga Firing ਮਾਮਲੇ 'ਚ ਵੱਡੀ ਅਪਡੇਟ, ਪੁਲਿਸ ਨੇ 5 ਮੁਲਜ਼ਮਾਂ ਨੂੰ ਕੀਤਾ ਕਾਬੂ
Big Update in Moga Firing Case : ਮੋਗਾ ਵਿੱਚ ਬੀਤੇ ਦਿਨ ਹੋਈ ਤਾਬੜਤੋੜ ਫਾਇਰਿੰਗ ਦੇ ਮਾਮਲੇ ਵਿੱਚ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਡੀ ਜੀ ਪੀ ਨੇ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਾਰਦਾਤ ਵਿੱਚ ਸ਼ਾਮਲ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਜਾਣਕਾਰੀ ਅਨੁਸਾਰ ਮੋਗਾ ਵਿੱਚ ਇੱਕ ਦੁਕਾਨ ਦੇ ਬਾਹਰ ਕੁਝ ਨੌਜਵਾਨ ਬੈਠੇ ਹੋਏ ਸਨ। ਇਸ ਦੌਰਾਨ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਉੱਥੇ ਮੌਜੂਦ ਨੌਜਵਾਨਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਈ ਇਸ ਫਾਇਰਿੰਗ ਕਾਰਨ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਇਸ ਘਟਨਾ ਵਿੱਚ ਗਗਨ ਜਿੰਦਲ (30) ਅਤੇ ਸਾਹਿਲ ਜਿੰਦਲ (40) ਦੀ ਮੌਤ ਹੋ ਗਈ, ਜਦਕਿ ਹੋਰ ਵਿਅਕਤੀ ਵੀ ਗੋਲੀਆਂ ਅਤੇ ਛਰਰਿਆਂ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ :
ਮੋਗਾ 'ਚ ਖ਼ੂਨੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲੀਸ ਦੀਆਂ ਟੀਮਾਂ ਮੌਕੇ ਉੱਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮੋਗਾ ਦੇ ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਅਨੁਸਾਰ ਪੀੜਤ ਧਿਰ ਵੱਲੋਂ ਕੁਝ ਵਿਅਕਤੀਆਂ ਦੇ ਨਾਮ ਵੀ ਪੁਲੀਸ ਨੂੰ ਦੱਸੇ ਗਏ ਹਨ। ਪੁਲੀਸ ਵੱਲੋਂ ਸਬੰਧਤ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਵੱਲੋਂ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਮੁੱਢਲੀ ਜਾਣਕਾਰੀ ਅਨੁਸਾਰ ਇਸ ਵਾਰਦਾਤ ਪਿੱਛੇ ਪੁਰਾਣੀ ਰੰਜਿਸ਼ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਪਰ ਗੋਲੀਬਾਰੀ ਦੇ ਅਸਲ ਕਾਰਨਾਂ ਬਾਰੇ ਪੁਲੀਸ ਜਾਂਚ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ।
ਡੀ ਜੀ ਪੀ ਗੌਰਵ ਯਾਦਵ ਨੇ ਸਪਸ਼ਟ ਕੀਤਾ ਕਿ ਪੁਲੀਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਗੋਲੀਕਾਂਡ ਤੋਂ ਬਾਅਦ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਹੈ। ਡੀਜੀਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
- PTC NEWS