ਪਾਕਿਸਤਾਨ ਤੋਂ 150 ਸਿੱਖ ਸ਼ਰਧਾਲੂਆਂ ਦਾ ਜਥਾ ਸ੍ਰੀ ਅਨੰਦਪੁਰ ਸਾਹਿਬ ਪੁੱਜਿਆ , 8 ਸਾਲ ਬਾਅਦ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਆਮਦ ਨਾਲ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ
150 Sikh pilgrims from Pakistan reached Sri Anandpur Sahib : ਪਾਕਿਸਤਾਨ ਤੋਂ 150 ਸਿੱਖ ਸ਼ਰਧਾਲੂਆਂ ਦਾ ਜਥਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਿਆ, ਜਿੱਥੇ ਸੰਗਤਾਂ ਵੱਲੋਂ ਜਥੇ ਦਾ ਨਿੱਘਾ ਸਵਾਗਤ ਕੀਤਾ ਗਿਆ। ਲੰਮੇ ਸਮੇਂ ਬਾਅਦ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਆਮਦ ਨਾਲ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨਾਲ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆਈ ਸੰਗਤ ਵੱਲੋਂ ਖੁਸ਼ੀ ਸਾਂਝੀ ਕੀਤੀ ਗਈ।
ਜਾਣਕਾਰੀ ਅਨੁਸਾਰ ਲਗਪਗ ਅੱਠ ਸਾਲਾਂ ਬਾਅਦ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਆਮਦ ਨੂੰ ਸੰਗਤਾਂ ਵੱਲੋਂ ਵਿਸ਼ੇਸ਼ ਮਹੱਤਵ ਦਿੱਤਾ ਜਾ ਰਿਹਾ ਹੈ। ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਪਹੁੰਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੰਗਤਾਂ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਸੌਖਾ ਬਣਾਇਆ ਜਾਵੇ, ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਆਪਣੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰ ਸਕਣ।
ਇਹ ਵੀ ਪੜ੍ਹੋ :
ਮੋਗਾ 'ਚ ਖ਼ੂਨੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ
ਇਸ ਮੌਕੇ ਨੰਨ੍ਹੀ ਕਿਰਤ ਕੌਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਦਲਜੀਤ ਸਿੰਘ ਭਿੰਡਰ ਵੱਲੋਂ ਕਿਰਤ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਿਆ ਗਿਆ ਕਿ ਕਿਰਤ ਕੌਰ ਪਾਕਿਸਤਾਨ ਵਿੱਚ ਪਹਿਲੀ ਸਿੱਖ ਬੀਬੀ ਹੈ, ਜਿਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ੇ ’ਤੇ ਪੀਐੱਚ.ਡੀ. ਦੀ ਪੜ੍ਹਾਈ ਕੀਤੀ ਗਈ ਹੈ। ਇਸ ਪ੍ਰਾਪਤੀ ਦੇ ਸਨਮਾਨ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਵਿਸ਼ੇਸ਼ ਸਨਮਾਨ ਭੇਜਿਆ ਗਿਆ।
ਸਿੱਖ ਧਰਮ, ਗੁਰਬਾਣੀ ਅਤੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਜੁੜੀ ਇਸ ਪ੍ਰਾਪਤੀ ਨੂੰ ਸੰਗਤਾਂ ਵੱਲੋਂ ਮਾਣ ਵਾਲੀ ਗੱਲ ਦੱਸਿਆ ਗਿਆ। ਇਸ ਮੌਕੇ ਕਿਰਤ ਕੌਰ ਦਾ ਸਨਮਾਨ ਕਰਦਿਆਂ ਸਿੱਖਿਆ ਅਤੇ ਧਾਰਮਿਕ ਅਧਿਐਨ ਦੇ ਖੇਤਰ ਵਿੱਚ ਉਸ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਤਖ਼ਤ ਸਾਹਿਬ ਦੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਸਮਾਗਮ ਦੌਰਾਨ ਸ਼ਰਧਾਲੂਆਂ ਦਾ ਸਵਾਗਤ ਕੀਤਾ ਗਿਆ ਅਤੇ ਆਪਸੀ ਸਾਂਝ, ਧਾਰਮਿਕ ਸ਼ਰਧਾ ਤੇ ਗੁਰਧਾਮਾਂ ਦੇ ਦਰਸ਼ਨਾਂ ਦੀ ਮਹੱਤਤਾ ਬਾਰੇ ਭਾਵਨਾਵਾਂ ਸਾਂਝੀਆਂ ਕੀਤੀਆਂ ਗਈਆਂ।
ਸੰਗਤਾਂ ਨੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦੇ ਜਥੇ ਲਗਾਤਾਰ ਸ੍ਰੀ ਅਨੰਦਪੁਰ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੇ ਰਹਿਣਗੇ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਇਸ ਸਬੰਧੀ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਗੀਆਂ।
- PTC NEWS