Bilkis Bano : ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਛਲਕਿਆ ਬਿਲਕਿਸ ਦਾ ਦਰਦ, ਕਿਹਾ 'ਨਿਆਂ ਮਿਲਣ ਦੀ ਉਮੀਦ ਟੁੱਟਦੀ ਦਿਖ ਰਹੀ'
Bilkis Bano' pain spilled after convicts get bail : ਸੁਪਰੀਮ ਕੋਰਟ ਨੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਦੇ ਨਾਲ ਸਮੂਹਿਕ ਬਲਾਤਕਾਰ ਅਤੇ ਉਸਦੇ ਪਰਿਵਾਰ ਦੇ 7 ਮੈਂਬਰਾਂ ਦੇ ਕਤਲ ਦੇ ਦੋਸ਼ੀ 2 ਵਿਅਕਤੀਆਂ ਨੂੰ ਰਾਹਤ ਦੇ ਦਿੱਤੀ ਹੈ। ਬਿਲਕਿਸ ਬਾਨੋ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਡੂੰਘਾ ਦੁੱਖ, ਸਦਮਾ ਅਤੇ ਅਵਿਸ਼ਵਾਸ ਪ੍ਰਗਟ ਕੀਤਾ। ਉਸਨੇ ਸਵਾਲ ਕੀਤਾ ਕਿ ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਬਿਨਾਂ ਸੁਣਵਾਈ ਦੇ ਕਿਵੇਂ ਰੋਕ ਦਿੱਤੀ ਗਈ।
ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਬਿਲਕੀਸ ਬਾਨੋ ਨੇ ਕਿਹਾ ਕਿ ਉਸਨੂੰ ਇਸ ਹੁਕਮ ਬਾਰੇ ਅਦਾਲਤ ਤੋਂ ਨਹੀਂ ਬਲਕਿ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ। ਉਸਨੇ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਸੁਪਰੀਮ ਕੋਰਟ ਨੇ ਉਸਨੂੰ ਬੁਲਾਏ ਬਿਨਾਂ ਜਾਂ ਉਸਦਾ ਪੱਖ ਸੁਣੇ ਬਿਨਾਂ ਕੋਈ ਹੁਕਮ ਪਾਸ ਕੀਤਾ ਹੈ।
ਇਹ ਵੀ ਪੜ੍ਹੋ :
https://www.ptcnews.tv/news-in-punjabi/roof-of-house-collapses-in-shahdara-delhi-4431816
ਬਿਲਕਿਸ ਬਾਨੋ ਨੇ ਆਪਣੇ ਬਿਆਨ ਵਿੱਚ ਕਿਹਾ ਕਿ "ਦਰਦ, ਸਦਮੇ ਅਤੇ ਅਵਿਸ਼ਵਾਸ ਦੇ ਵਿਚਕਾਰ ਮੇਰੇ ਕੋਲ ਸ਼ਬਦਾਂ ਦੀ ਘਾਟ ਹੈ। ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਦੂਜੀ ਵਾਰ, ਸੁਪਰੀਮ ਕੋਰਟ ਨੇ ਮੈਨੂੰ ਬੁਲਾਏ ਬਿਨ੍ਹਾਂ ਜਾਂ ਮੇਰੀ ਸੁਣਵਾਈ ਕੀਤੇ ਬਿਨਾਂ ਆਪਣਾ ਹੁਕਮ ਦੇ ਦਿੱਤਾ। ਮੈਨੂੰ ਇਸ ਬਾਰੇ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ।"
ਉਹਨਾ ਕਿਹਾ ਕਿ ਜਦੋਂ ਉਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ, ਉਦੋਂ ਉਹ ਮਹਜ 19 ਸਾਲ ਦੀ ਸੀ। ਉਸ ਸਮੇਂ ਉਨ੍ਹਾਂ ਦੀ ਛੋਟੀ ਬੇਟੀ, ਪਰਿਵਾਰ, ਘਰ ਅਤੇ ਇਨਸਾਨੀਅਤ ਤੋਂ ਉਸਦਾ ਭਰੋਸਾ ਹਮੇਸ਼ਾ ਲਈ ਟੁੱਟ ਗਿਆ ਸੀ। ਉਸਨੇ ਕਿਹਾ ਕਿ ਪਿਛਲੇ 24 ਸਾਲਾਂ ਤੋਂ ਉਹ ਆਪਣੀਆਂ ਅਤੇ ਦੂਜੀਆਂ ਔਰਤਾਂ ਲਈ ਨਿਆਂ ਦੀ ਲੜਾਈ ਲੜ ਰਹੀ ਹੈ। ਬਿਲਕਿਸ ਨੇ ਕਿਹਾ ਕਿ ਪਰਿਵਾਰ ਅਤੇ ਦੋਸਤਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਦੋਬਾਰਾ ਸੰਵਾਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਸ਼ਾਂਤੀ ਨਾਲ ਜਿਉਣ ਦੀ ਉਮੀਦ ਕੀਤੀ। ਪਰ ਅੱਜ ਉਨ੍ਹਾਂ ਨੂੰ ਲੱਗਦਾ ਹੈ ਕਿ ਜਿਸ ਇਨਸਾਫ਼ ਲਈ ਉਸਨੇ ਲੰਮੀ ਲੜਾਈ ਲੜ੍ਹੀ, ਉਹ ਫਿਰ ਉਸ ਤੋਂ ਖੋਹ ਲਈ ਗਈ ਹੈ।
ਬਿਲਕੀਸ ਬਾਨੋ ਨੇ ਕਿਹਾ ਕਿ ਇਸ ਫੈਸਲੇ ਨੇ ਉਸਦੇ ਪੁਰਾਣੇ ਡਰ ਨੂੰ ਵਾਪਸ ਲਿਆ ਦਿੱਤਾ ਹੈ। ਉਸਨੇ ਕਿਹਾ ਕਿ "ਮੈਂ ਇੱਕ ਵਾਰ ਫਿਰ ਡਰੀ ਹੋਈ ਹਾਂ। ਮੈਨੂੰ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਆਪਣੇ ਬੱਚਿਆਂ ਲਈ ਡਰ ਹੈ। ਮੈਨੂੰ ਇਹ ਵੀ ਡਰ ਹੈ ਕਿ ਮੇਰਾ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਸਕਦਾ ਹੈ।" ਉਸਨੇ ਸਵਾਲ ਕੀਤਾ ਕਿ ਸਜ਼ਾਵਾਂ ਮੁਅੱਤਲ ਕਰਨ ਤੋਂ ਪਹਿਲਾਂ ਉਸਦੀ ਆਵਾਜ਼ ਕਿਉਂ ਨਹੀਂ ਸੁਣੀ ਗਈ। ਉਨ੍ਹਾਂ ਨੂੰ ਇਸ ਫੈਸਲੇ ਬਾਰੇ ਸੂਚਿਤ ਵੀ ਕਿਉਂ ਨਹੀਂ ਕੀਤਾ ਗਿਆ?
ਬਿਲਕੀਸ ਬਾਨੋ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਵੇਗੀ। ਉਸਨੇ ਕਿਹਾ ਕਿ ਉਸਦੇ ਬੱਚਿਆਂ ਨੂੰ ਆਪਣੀ ਪੂਰੀ ਜ਼ਿੰਦਗੀ ਇਨ੍ਹਾਂ ਡਰਾਂ ਅਤੇ ਜ਼ਖ਼ਮਾਂ ਦੇ ਪਰਛਾਵੇਂ ਵਿੱਚ ਨਹੀਂ ਜੀਉਣੀ ਚਾਹੀਦੀ। ਆਪਣੀ ਤਿੰਨ ਸਾਲ ਦੀ ਧੀ ਸਲੇਹਾ ਦਾ ਜ਼ਿਕਰ ਕਰਦਿਆਂ, ਉਸਨੇ ਕਿਹਾ ਕਿ ਉਹ ਆਪਣੀ ਧੀ ਦੀ ਯਾਦ ਵਿੱਚ ਅਤੇ ਨਿਆਂ ਲਈ ਇਹ ਲੜਾਈ ਲੜ ਰਹੀ ਹੈ। ਉਸਨੇ ਕਿਹਾ ਕਿ ਉਹ ਦੇਸ਼ ਦੀਆਂ ਹੋਰ ਔਰਤਾਂ ਲਈ ਇਹ ਸੰਘਰਸ਼ ਜਾਰੀ ਰੱਖੇਗੀ, ਤਾਂ ਜੋ ਕਿਸੇ ਵੀ ਔਰਤ ਜਾਂ ਪੀੜਤ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਇਨਸਾਫ ਲਈ ਸੰਘਰਸ਼ ਨਾ ਕਰਨਾ ਪਵੇ।
ਸੁਪਰੀਮ ਕੋਰਟ ਦੇ ਜਸਟਿਸ ਐਮਐਮ ਸੁੰਦਰੇਸ਼ ਅਤੇ ਪੀਬੀ ਵਰਾਲੇ ਦੀ ਬੈਂਚ ਨੇ ਦੋਸ਼ੀ ਬਿਪਿਨ ਚੰਦਰ ਜੋਸ਼ੀ ਅਤੇ ਪ੍ਰਦੀਪ ਮੋਰਧੀਆ ਨੂੰ ਜ਼ਮਾਨਤ ਦੇ ਦਿੱਤੀ ਹੈ। 28 ਅਕਤੂਬਰ ਦੇ ਆਪਣੇ ਹੁਕਮ ਵਿੱਚ ਅਦਾਲਤ ਨੇ ਕਿਹਾ ਸੀ ਕਿ ਦੋਵਾਂ ਨੇ 17 ਸਾਲ ਤੋਂ ਵੱਧ ਜੇਲ੍ਹ ਵਿੱਚ ਬਿਤਾਏ ਹਨ। ਇਨ੍ਹਾਂ ਦੋਸ਼ੀਆਂ ਵਿੱਚੋਂ ਇੱਕ ਗੰਭੀਰ ਰੂਪ ਵਿੱਚ ਅਪਾਹਜ ਵੀ ਹੈ। ਬੈਂਚ ਨੇ ਕਿਹਾ ਕਿ ਅਪੀਲ ਵਿੱਚ ਤੱਥਾਂ ਅਤੇ ਕਾਨੂੰਨ ਦੇ ਕੁਝ ਮੁੱਦੇ ਹਨ ਜਿਨ੍ਹਾਂ ਦਾ ਫੈਸਲਾ ਅਜੇ ਹੋਣਾ ਬਾਕੀ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਅਦਾਲਤ ਨੇ ਦੋਵਾਂ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਅਤੇ ਸਬੰਧਤ ਹੇਠਲੀ ਅਦਾਲਤ ਦੁਆਰਾ ਨਿਰਧਾਰਤ ਸ਼ਰਤਾਂ 'ਤੇ ਜ਼ਮਾਨਤ ਦਾ ਹੁਕਮ ਦਿੱਤਾ।
- PTC NEWS