Instagram ’ਤੇ ਹੁਣ ਨਹੀਂ ਦਿਖੇਗੀ ਅਸ਼ਲੀਲ ਤੇ ਹਿੰਸਕ ਸਮੱਗਰੀ, Meta ਨੇ ਭਾਰਤ ਲਈ ਬਦਲੇ ਨਿਯਮ
Instagram now bans pornographic and violent content : ਸੋਸ਼ਲ ਮੀਡੀਆ ਪਲੇਟਫਾਰਮ ਮੇਟਾ (Meta) ਨੇ ਭਾਰਤ ਵਿੱਚ ਇੰਸਟਾਗ੍ਰਾਮ ਦੇ ਰਿਕਮੈਂਡੇਸ਼ਨ ਸਿਸਟਮ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਮੁਤਾਬਕ ਹੁਣ ਯੂਜ਼ਰਜ਼ ਨੂੰ ਇੰਸਟਾਗ੍ਰਾਮ ’ਤੇ ਜਿਨਸੀ ਤੌਰ ’ਤੇ ਇਤਰਾਜ਼ਯੋਗ ਅਤੇ ਹਿੰਸਕ ਸਮੱਗਰੀ ਘੱਟ ਦਿਖਾਈ ਦੇਵੇਗੀ। ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਕੇਂਦਰ ਸਰਕਾਰ ਵੱਲੋਂ ਆਨਲਾਈਨ ਸਮੱਗਰੀ ’ਤੇ ਨਿਗਰਾਨੀ ਸਖ਼ਤ ਕੀਤੀ ਜਾ ਰਹੀ ਹੈ।
ਦਰਅਸਲ, ਪਿਛਲੇ ਮਹੀਨੇ ਭਾਰਤ ਸਰਕਾਰ ਨੇ ਮੇਟਾ ਨੂੰ ਆਪਣੇ ਪਲੇਟਫਾਰਮ ’ਤੇ ਪੋਸਟਾਂ ਦੀ ਸਿਫ਼ਾਰਸ਼ ਕਰਨ ਵਾਲੇ ਸਿਸਟਮ ਦੀ ਸਮੀਖਿਆ ਕਰਨ ਅਤੇ ਹਿੰਸਾ ਭੜਕਾਉਣ ਜਾਂ ਜਨਤਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਗਰੀ ’ਤੇ ਨਿਗਰਾਨੀ ਵਧਾਉਣ ਲਈ ਕਿਹਾ ਸੀ। ਇਸ ਤੋਂ ਬਾਅਦ ਕੰਪਨੀ ਨੇ ਦੱਸਿਆ ਕਿ ਉਸ ਨੇ ਪਿਛਲੇ ਇੱਕ ਸਾਲ ਦੌਰਾਨ ਯੂਜ਼ਰਜ਼ ਦੀ ਫੀਡਬੈਕ ਦੇ ਆਧਾਰ ’ਤੇ ਆਪਣੇ ਡਿਫਾਲਟ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ।
ਇਹ ਵੀ ਪੜ੍ਹੋ :
US banks down : ਅਮਰੀਕਾ ਦੇ ਬੈਂਕਾਂ ਵਿੱਚ ਔਨਲਾਈਨ ਸੇਵਾਵਾਂ ਠੱਪ, ਕਈ ਬੈਂਕਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ
ਮੇਟਾ ਅਨੁਸਾਰ, ਭਾਰਤ ਵਿੱਚ ਕੀਤੇ ਗਏ ਨਵੇਂ ਬਦਲਾਅ ਉਨ੍ਹਾਂ ਖਾਤਿਆਂ ਦੀ ਸਮੱਗਰੀ ਦੀਆਂ ਸਿਫ਼ਾਰਸ਼ਾਂ ’ਤੇ ਲਾਗੂ ਹੋਣਗੇ, ਜਿਨ੍ਹਾਂ ਨੂੰ ਯੂਜ਼ਰਜ਼ ਫਾਲੋ ਨਹੀਂ ਕਰਦੇ। ਇਸ ਦਾ ਮਤਲਬ ਹੈ ਕਿ ਇੰਸਟਾਗ੍ਰਾਮ ਹੁਣ ਅਜਿਹੀ ਸਮੱਗਰੀ ਨੂੰ ਪਹਿਲਾਂ ਵਾਂਗ ਉਤਸ਼ਾਹਿਤ ਨਹੀਂ ਕਰੇਗਾ। ਹਾਲਾਂਕਿ, ਇਹ ਬਦਲਾਅ ਸਮੱਗਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਨਾਲ ਸਬੰਧਤ ਨਹੀਂ ਹਨ।
ਇੱਕ ਸਾਲ ਵਿੱਚ ਸ਼ਿਕਾਇਤਾਂ ਅੱਧੀਆਂ ਰਹਿ ਗਈਆਂ
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਯੂਜ਼ਰਜ਼ ਵੱਲੋਂ ਸਿਫ਼ਾਰਸ਼ ਕੀਤੀ ਗਈ ਸਮੱਗਰੀ ਦੀ ਰਿਪੋਰਟ ਕਰਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਮੇਟਾ ਮੁਤਾਬਕ ਹੁਣ ਲੋਕ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਅਜਿਹੀ ਸਮੱਗਰੀ ਦੀਆਂ ਲਗਭਗ ਅੱਧੀਆਂ ਸ਼ਿਕਾਇਤਾਂ ਕਰ ਰਹੇ ਹਨ। ਹਾਲਾਂਕਿ, ਕੰਪਨੀ ਨੇ ਇਸ ਦਾਅਵੇ ਦੇ ਸਮਰਥਨ ਵਿੱਚ ਕੋਈ ਵਿਸਥਾਰਪੂਰਵਕ ਅੰਕੜੇ ਸਾਂਝੇ ਨਹੀਂ ਕੀਤੇ।
ਜ਼ਿਕਰਯੋਗ ਹੈ ਕਿ ਭਾਰਤ ਦੇ ਆਈ.ਟੀ. ਮੰਤਰਾਲੇ ਨੇ 10 ਅਕਤੂਬਰ ਨੂੰ ਜਾਰੀ ਐਡਵਾਇਜ਼ਰੀ ਰਾਹੀਂ ਮੇਟਾ ਨੂੰ ਆਪਣੇ ਰੈਂਕਿੰਗ ਅਤੇ ਰਿਕਮੈਂਡੇਸ਼ਨ ਸਿਸਟਮ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਸਨ। ਸਰਕਾਰ ਦਾ ਕਹਿਣਾ ਸੀ ਕਿ ਗੁੰਮਰਾਹਕੁੰਨ, ਤੋੜ-ਮਰੋੜ ਕੇ ਪੇਸ਼ ਕੀਤੀ ਜਾਂ ਸੰਦਰਭ ਤੋਂ ਬਾਹਰਲੀ ਸਮੱਗਰੀ ਨੂੰ ਬੇਲੋੜਾ ਪ੍ਰਚਾਰ ਨਹੀਂ ਮਿਲਣਾ ਚਾਹੀਦਾ।
ਇਸ ਤੋਂ ਇਲਾਵਾ, ਮੰਤਰਾਲੇ ਨੇ ਕੰਪਨੀ ਨੂੰ ਇਹ ਵੀ ਕਿਹਾ ਸੀ ਕਿ ਯੂਜ਼ਰਜ਼ ਨੂੰ ਕਿਸੇ ਇੱਕ ਜਾਂ ਸੀਮਤ ਬਿਰਤਾਂਤ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ।
ਹਾਲਾਂਕਿ, ਮੇਟਾ ਨੇ ਆਪਣੇ ਨਵੇਂ ਬਦਲਾਵਾਂ ਨੂੰ ਸਿੱਧੇ ਤੌਰ ’ਤੇ ਸਰਕਾਰ ਦੀ ਐਡਵਾਇਜ਼ਰੀ ਨਾਲ ਜੋੜ ਕੇ ਨਹੀਂ ਦੱਸਿਆ। ਇਸ ਤੋਂ ਪਹਿਲਾਂ ਵੀ ਕੰਪਨੀ ਕੈਨੇਡਾ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚ ਫੇਸਬੁੱਕ ਦੀ ਸਮੱਗਰੀ ਰੈਂਕਿੰਗ ਵਿੱਚ ਬਦਲਾਅ ਕਰ ਚੁੱਕੀ ਹੈ, ਤਾਂ ਜੋ ਸਿਆਸੀ ਸਮੱਗਰੀ ਦੀ ਪਹੁੰਚ ਨੂੰ ਘਟਾਇਆ ਜਾ ਸਕੇ।
- PTC NEWS