Cab and Auto Drivers Strike: 10 ਅਗਸਤ ਤੋਂ ਅਨਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰਨਗੇ ਕੈਬ ਅਤੇ ਆਟੋ ਡਰਾਈਵਰ , ਜਾਣੋ ਪੂਰਾ ਮਾਮਲਾ
ਰਵਿੰਦਰਮੀਤ ਸਿੰਘ (ਚੰਡੀਗੜ੍ਹ,7 ਅਗਸਤ): ਆਪਣੇ ਸਾਥੀ ਕੈਬ ਡਰਾਈਵਰ ਦੀ ਹੱਤਿਆ ਤੋਂ ਬਾਅਦ ਆਪਣੀ ਸੁਰੱਖਿਆ ਅਤੇ ਮੰਗਾ ਨੂੰ ਲੈਕੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਕੈਬ ਡਰਾਈਵਰ ਅਣਮਿਥੇ ਸਮੇਂ ਲਈ 10 ਅਗਸਤ ਤੋਂ ਸੈਕਟਰ 25 ਵਿੱਚ ਅਨਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰਨਗੇ।
'ਅਸੁਰੱਖਿਆ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠਣ ਲਈ ਮਜ਼ਬੂਰ'
ਇਸ ਸਬੰਧੀ ਕੈਬ ਅਤੇ ਆਟੋ ਡਰਾਈਵਰ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਲੋਕਾਂ ਨੂੰ ਬੇਹਤਰ ਸਫ਼ਰ ਸਹੂਲਤਾਂ ਦੇਣ ਵਾਲੀਆਂ ਕੈਬ ਕੰਪਨੀਆਂ ਓਲਾ, ਉਬਰ ਅਤੇ ਇਨ ਡਰਾਈਵਰ ਕੰਪਨੀਆਂ ਦੇ ਡਰਾਈਵਰ ਇਸ ਸਮੇਂ ਅਸੁਰੱਖਿਆ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠਣ ਲਈ ਮਜ਼ਬੂਰ ਹਨ। ਉਕਤ ਡਰਾਈਵਰਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ ਟੈਕਸ, ਕਮਿਸ਼ਨ, ਕਿਰਾਏ ਅਤੇ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਸ਼ਰੇਆਮ ਜਲੀਲ ਕੀਤਾ ਜਾ ਰਿਹਾ ਹੈ। ਜਿਸ ਕਾਰਨ ਅਨੇਕਾਂ ਡਰਾਈਵਰ ਕਰਜ਼ੇ ਦੀ ਮਾਰ ਹੇਠ ਹਨ ਅਤੇ ਅਨੇਕਾਂ ਹੀ ਇਸ ਪ੍ਰੇਸ਼ਾਨੀ ਕਾਰਨ ਆਪਣੀ ਜਾਣ ਗੁਆ ਚੁੱਕੇ ਹਨ।
ਯੂਨੀਅਨ ਦੇ ਬੁਲਾਰੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੰਪਨੀਆਂ ਦੀ ਬੇਰੁੱਖੀ ਵਾਲੇ ਵਤੀਰੇ ਕਾਰਨ ਉਨ੍ਹਾਂ ਦੇ ਅਨੇਕਾਂ ਮੈਂਬਰਾਂ ਨੂੰ ਅਪਰਾਧੀ ਕਿਸਮ ਦੇ ਲੋਕਾਂ ਨੇ ਆਪਣੀ ਸਾਜਿਸ਼ ਦਾ ਸ਼ਿਕਾਰ ਬਣਾ ਕੇ ਮੌਤ ਦੀ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਵੀ ਬੇਨਤੀ ਕਰ ਚੁੱਕੇ ਹਨ, ਪਰ ਪ੍ਰਸ਼ਾਸ਼ਨ ਨੇ ਵੀ ਉਨ੍ਹਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਿਸ ਕਾਰਨ ਕੰਪਨੀਆਂ ਦਾ ਦਿਮਾਗ ਹੋਰ ਖਰਾਬ ਹੋ ਗਿਆ।
'ਕਈ ਵਾਰ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ'
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਬੇਰੁੱਖੀ ਅਤੇ ਕੰਪਨੀਆਂ ਦੇ ਘਟੀਆ ਵਤੀਰੇ ਦੇ ਖਿਲਾਫ਼ ਉਹ 10 ਅਗਸਤ ਤੋਂ ਸੈਕਟਰ 25 ਵਿੱਚ ਅਨਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਟਰਾਈਸਿਟੀ ਦੀ ਸੜਕਾਂ ਤੇ ਕੰਪਨੀਆਂ ਬਿਨਾਂ ਪੁਲਸ ਪੜਤਾਲ ਤੋਂ ਡਰਾਈਵਰ ਸਮੇਤ ਗੱਡੀਆਂ ਚਲਵਾ ਰਹੀ ਹੈ, ਜਿਸਦੀ ਸ਼ਿਕਾਇਤ ਅਨੇਕਾਂ ਵਾਰ ਪ੍ਰਸ਼ਾਸ਼ਨ ਅਤੇ ਪੁਲਿਸ ਅਧਿਕਾਰੀਆਂ ਨੂੰ ਸਮੇਂ ਸਮੇਂ ਸਿਰ ਦਿੱਤੀ ਜਾਂਦੀ ਰਹੀ ਹੈ, ਪਰ ਕਾਰਵਾਈ ਨਾ ਹੋਣ ਕਾਰਨ ਅਪਰਾਧੀ ਕਿਸਮ ਦੇ ਲੋਕ ਧੜੱਲੇ ਨਾਲ ਇੰਨਾ ਕੈਬ ਗੱਡੀਆਂ ਦਾ ਇਸਤੇਮਾਲ ਕਰ ਕੇ ਇਮਾਨਦਾਰੀ ਨਾਲ ਗੱਡੀਆਂ ਚਲਾ ਰਹੇ ਹੋਰਨਾਂ ਡਰਾਈਵਰਾਂ ਲਈ ਮੁਸ਼ਕਲਾਂ ਖੜੀ ਕਰ ਰਹੇ ਹਨ।
'ਸੰਘਰਸ਼ ਕਰਨ ਤੋਂ ਨਹੀਂ ਹੱਟਾਂਗੇ ਪਿੱਛੇ'
ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਕੈਬ ਡਰਾਈਵਰ ਧਰਮਪਾਲ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਦੀ ਸੁਸਤ ਕਾਰਵਾਈ ਕਾਰਨ ਸਾਰੇ ਕੈਬ ਡਰਾਈਵਰਾਂ ਵਿੱਚ ਖੌਫ਼਼ ਵਾਲਾ ਮਾਹੌਲ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੈਬ ਡਰਾਈਵਰ ਯੂਨੀਅਨ ਇਕਜੁੱਟ ਹੈ ਅਤੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ।
ਕੈਬ ਡਰਾਈਵਰਾਂ ਨੇ ਦਿੱਤੀ ਚਿਤਾਵਨੀ
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੈਬ ਡਰਾਈਵਰਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰ ਦੇਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਅਹੁਦੇਦਾਰ ਇੰਦਰਜੀਤ ਸਿੰਘ ਤੋਂ ਇਲਾਵਾ ਅਮਨਦੀਪ ਸਿੰਘ, ਸੋਮਵੀਰ ਸਿੰਘ ਅਤੇ ਅਨਿਲ ਕੁਮਾਰ ਤੋਂ ਇਲਾਵਾ ਵੱਡੀ ਕੈਬ ਡਰਾਈਵਰ ਮੌਜੂਦ ਸਨ।
ਕਾਬਿਲੇਗੌਰ ਹੈ ਕਿ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਸਮੇਤ ਟਰਾਈਸਿਟੀ ਦੀ ਵੱਖ ਵੱਖ ਕੈਬ ਅਤੇ ਆਟੋ ਯੂਨੀਅਨਾਂ ਵਲੋਂ ਕੈਬ ਆਟੋ ਯੂਨੀਅਨ ਫਰੰਟ ਦੇ ਬੈਨਰ ਤਲੇ ਇਕਜੁਟਤਾ ਨਾਲ ਭੁੱਖ ਹੜਤਾਲ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਹ ਵੀ ਪੜ੍ਹੋ: Siblings Reunite: ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਵਿਛੜੇ ਭੈਣ ਭਰਾ ਦਾ ਹੋਇਆ ਮਿਲਾਪ, ਦਿਲ ਨੂੰ ਝੰਜੋੜਨ ਵਾਲੀ ਹੈ ਇਨ੍ਹਾਂ ਦੀ ਕਹਾਣੀ
- PTC NEWS