Chandigarh 'ਚ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦੀ ਗੱਡੀ ਰੋਕ ਕੇ ਕੀਤੀ ਫ਼ਾਇਰਿੰਗ, ਛਾਤੀ 'ਚ ਗੋਲੀ ਲੱਗਣ ਕਾਰਨ ਨੌਜਵਾਨ ਜ਼ਖਮੀ
Chandigarh Firing News : ਚੰਡੀਗੜ੍ਹ 'ਚ ਸੋਮਵਾਰ ਦੇਰ ਸ਼ਾਮ ਤਿੰਨ ਹਮਲਾਵਰਾਂ ਨੇ ਇੱਕ ਕਾਰ ਸਵਾਰ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਹੈ। ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਹਮਲਾਵਰਾਂ ਨੇ ਕਾਫ਼ੀ ਦੇਰ ਤੱਕ ਨੌਜਵਾਨ ਦਾ ਪਿੱਛਾ ਕੀਤਾ, ਫਿਰ ਆਪਣੀ ਕਾਰ ਉਸਦੇ ਅੱਗੇ ਲਗਾ ਕੇ ਉਸਦੀ ਕਾਰ ਨੂੰ ਰੋਕਿਆ। ਉਨ੍ਹਾਂ ਨੇ ਨੌਜਵਾਨ 'ਤੇ ਪੰਜ ਫਾਇਰ ਕੀਤੇ ਅਤੇ ਇੱਕ ਗੋਲੀ ਨੌਜਵਾਨ ਦੀ ਛਾਤੀ ਵਿੱਚ ਲੱਗੀ। ਜ਼ਖ਼ਮੀ ਨੌਜਵਾਨ ਨੂੰ ਪੀਜੀਆਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜ਼ਖਮੀ ਨੌਜਵਾਨ ਦੀ ਪਛਾਣ ਇੰਦਰਪ੍ਰੀਤ ਸਿੰਘ ਉਰਫ ਪੈਰੀ ਵਜੋਂ ਹੋਈ ਹੈ, ਜੋ ਕਿ ਸੈਕਟਰ 33 ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਸੂਤਰਾਂ ਮੁਤਾਬਕ ਜ਼ਖਮੀ ਨੌਜਵਾਨ ਦਾ ਕ੍ਰਿਮੀਨਲ ਰਿਕਾਰਡ ਹੈ। ਉਸਦੇ ਵਿਰੁੱਧ 12 ਅਪਰਾਧਿਕ ਮਾਮਲੇ ਦਰਜ ਹਨ।ਸੂਤਰ ਦੱਸਦੇ ਹਨ ਕਿ ਇੰਦਰਜੀਤ ਲਾਰੈਂਸ ਗੈਂਗ ਦੇ ਵੀ ਨੇੜੇ ਹੈ। ਉਸਦੇ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਸੰਪਤ ਨਹਿਰਾ ਨਾਲ ਵੀ ਸਬੰਧ ਹਨ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਚੰਡੀਗੜ੍ਹ ਦੇ ਸੈਕਟਰ 26 ਸਥਿਤ ਟਿੰਬਰ ਮਾਰਕੀਟ ਵਿੱਚ ਗੋਲੀ ਮਾਰੀ ਗਈ। ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਆਰੋਪੀ ਮੌਕੇ ਤੋਂ ਫ਼ਰਾਰ ਹੋ ਗਏ। ਓਥੇ ਹੀ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਨੇੜਲੇ ਬਾਰਡਰਾਂ 'ਤੇ ਨਾਕਾਬੰਦੀ ਕਰ ਦਿੱਤੀ ਹੈ।
- PTC NEWS