ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਦੀ ਬਦਲੀ ਤਰੀਕ, ਹੁਣ 25 ਨਵੰਬਰ ਨੂੰ ਪੈਣਗੀਆਂ ਵੋਟਾਂ, ਜਾਣੋ ਕਾਰਨ
Rajasthan Assembly elections: ਰਾਜਸਥਾਨ ਵਿੱਚ ਚੋਣਾਂ ਦੀ ਤਰੀਕ ਬਦਲ ਦਿੱਤੀ ਗਈ ਹੈ। ਹੁਣ ਵੋਟਾਂ 25 ਨਵੰਬਰ ਨੂੰ ਪੈਣਗੀਆਂ। ਇਸ ਤੋਂ ਪਹਿਲਾਂ 23 ਨਵੰਬਰ ਨੂੰ ਵੋਟਿੰਗ ਹੋਣੀ ਸੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਅਤੇ ਸਮਾਜਿਕ ਸੰਗਠਨਾਂ ਨੇ ਚੋਣਾਂ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਸੀ ਕਿਉਂਕਿ ਇਸ ਦਿਨ ਵੱਡੇ ਪੱਧਰ ‘ਤੇ ਵਿਆਹ ਅਤੇ ਸਮਾਜਿਕ ਪ੍ਰੋਗਰਾਮ ਹੁੰਦੇ ਹਨ। ਇਹ ਮੰਨਿਆ ਜਾ ਰਿਹਾ ਸੀ ਕਿ ਇਸ ਕਾਰਨ ਵੋਟਿੰਗ ਫੀਸਦੀ ਘੱਟ ਸਕਦੀ ਹੈ। ਇਸ ਦੇ ਮੱਦੇਨਜ਼ਰ ਕਮਿਸ਼ਨ ਨੇ ਹੁਣ ਵੋਟਾਂ ਦੀ ਤਰੀਕ ਬਦਲ ਕੇ ਸ਼ਨੀਵਾਰ 25 ਨਵੰਬਰ ਕਰ ਦਿੱਤੀ ਹੈ।
ਦੱਸ ਦਈਏ ਕਿ ਚੋਣ ਕਮਿਸ਼ਨ ਨੇ ਸਿਰਫ਼ ਵੋਟਾਂ ਦੀ ਹੀ ਤਰੀਕ ਬਦਲੀ ਹੈ, ਇਸ ਤੋਂ ਇਲਾਵਾ ਨਾਮਜ਼ਦਗੀਆਂ ਦੀ ਸ਼ੁਰੂਆਤ ਅਤੇ ਨਾਮਜ਼ਦਗੀਆਂ ਵਾਪਸ ਲੈਣ, ਵੋਟਾਂ ਦੀ ਗਿਣਤੀ ਸਮੇਤ ਸਾਰੇ ਪ੍ਰੋਗਰਾਮ ਪਹਿਲਾਂ ਵਾਂਗ ਹੀ ਰਹਿਣਗੇ। ਨਵੇਂ ਚੋਣ ਪ੍ਰੋਗਰਾਮ ਅਨੁਸਾਰ 30 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 6 ਨਵੰਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ।
ਨਾਮਜ਼ਦਗੀ ਪੱਤਰਾਂ ਦੀ ਪੜਤਾਲ 7 ਨਵੰਬਰ ਨੂੰ ਹੋਵੇਗੀ। 9 ਨਵੰਬਰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਹੈ। ਵੋਟਿੰਗ 25 ਨਵੰਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਪਹਿਲਾਂ ਦੀ ਤਰ੍ਹਾਂ 3 ਦਸੰਬਰ ਨੂੰ ਨਤੀਜੇ ਆਉਣਗੇ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਹੀ ਪਾਲੀ ਦੇ ਸੰਸਦ ਮੈਂਬਰ ਪੀ.ਪੀ.ਚੌਧਰੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਵੋਟਾਂ ਦੀਆਂ ਤਰੀਕਾਂ ਬਦਲਣ ਦੀ ਮੰਗ ਕੀਤੀ ਸੀ।
- PTC NEWS