ਇੱਕ ਪਾਸੇ ਜਿੱਥੇ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਅੰਦਰ ਨਿਯੁਕਤੀਆਂ ਅਤੇ ਚੋਣ ਨਾਲ ਸਬੰਧਤ ਕਮੇਟੀਆਂ ਦੇ ਗਠਨ ਨੂੰ ਲੈ ਕੇ ਵਿਵਾਦ ਖੁੱਲ੍ਹੇਆਮ ਧੜੇਬੰਦੀ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਸੂਬਾ ਲੀਡਰਸ਼ਿਪ 'ਤੇ ਸਵਾਲ ਉਠਾਉਣ ਤੋਂ ਬਾਅਦ, ਇਹ ਮਾਮਲਾ ਹੁਣ ਕਾਂਗਰਸ ਹਾਈ ਕਮਾਂਡ ਕੋਲ ਪਹੁੰਚ ਗਿਆ ਹੈ। ਪਾਰਟੀ ਸੂਤਰਾਂ ਅਨੁਸਾਰ, ਸੀਨੀਅਰ ਲੀਡਰਸ਼ਿਪ ਪੱਧਰ 'ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਅਗਲੇ ਹਫ਼ਤੇ ਇਸ ਮੁੱਦੇ 'ਤੇ ਅੰਤਿਮ ਫੈਸਲਾ ਹੋਣ ਦੀ ਉਮੀਦ ਹੈ।
ਬਾਗੀ ਤੇਵਰਾਂ ’ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਸਾਰੇ ਆਗੂਆਂ ਨੂੰ ਇੱਕ ਹੀ ਮੰਚ ’ਤੇ ਦੇਖਣ ਨੂੰ ਮਿਲਣਗੇ। ਕਾਂਗਰਸ ’ਚ ਕਿਸੇ ਵੀ ਵਿਅਕਤੀ ਨੂੰ ਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਹੈ, ਚੰਨੀ ਸਾਬ੍ਹ ਅਤੇ ਕਿਸੇ ਵੀ ਆਗੂ ਨੇ ਕੋਈ ਅਜਿਹਾ ਗੱਲ ਨਹੀਂ ਕੀਤੀ ਹੈ। ਹਰ ਇੱਕ ਵਿਅਕਤੀ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ ਪਰ ਅਨੁਸ਼ਾਸਨ ਖਰਾਬ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ। ਜੋ ਵੀ ਅਨੁਸ਼ਾਸਨ ਨਹੀਂ ਰੱਖੇਗਾ ਉਸ ’ਤੇ ਕਾਰਵਾਈ ਕੀਤੀ ਜਾਵੇਗੀ।
ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਚਿੱਠੀ ’ਚ ਸਾਫ ਕਰ ਦਿੱਤਾ ਹੈ ਕਿ ਪੰਜਾਬ ਅਤੇ ਸਰਹੱਦ ’ਤੇ ਚਰਚਾ ਕਰਨ ਦੇ ਲਈ ਗ੍ਰਹਿ ਮੰਤਰੀ ਨੂੰ ਮਿਲਣ ਲਈ ਗਏ ਸੀ। ਕਾਂਗਰਸ ਬੀਜੇਪੀ ਨੂੰ ਪੰਜਾਬ ’ਚ ਪੈਰ ਨਹੀਂ ਰੱਖਣ ਦੇਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੀ ਦੌੜ ’ਚ ਕੋਈ ਵੀ ਆ ਜਾਵੇ। ਪਰ ਉਹ ਮੁੱਖ ਮੰਤਰੀ ਦੀ ਦੌੜ ’ਚ ਨਹੀਂ ਹਨ। ਮੁੱਖ ਮੰਤਰੀ ਦਾ ਫੈਸਲਾ ਰਾਹੁਲ ਗਾਂਧੀ ਵੱਲੋਂ ਤੈਅ ਕੀਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਇਹ ਅੰਦਰੂਨੀ ਲੜਾਈ, ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇਜ਼ ਹੋ ਗਈ ਹੈ, ਪਾਰਟੀ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਜੇਕਰ ਇਸ ਵਿਵਾਦ ਦਾ ਜਲਦੀ ਹੱਲ ਨਾ ਹੋਇਆ, ਤਾਂ ਇਹ ਪਾਰਟੀ ਦੀਆਂ ਚੋਣ ਤਿਆਰੀਆਂ ਅਤੇ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਹੁਣ ਸਾਰਿਆਂ ਦੀਆਂ ਨਜ਼ਰਾਂ ਕਾਂਗਰਸ ਹਾਈ ਕਮਾਂਡ 'ਤੇ ਹਨ ਕਿ ਉਹ ਇਹ ਫੈਸਲਾ ਲੈਣ ਕਿ ਕੀ ਉਹ ਚੰਨੀ ਕੈਂਪ ਦੀਆਂ ਮੰਗਾਂ 'ਤੇ ਨਰਮ ਰੁਖ਼ ਅਪਣਾਏਗੀ ਜਾਂ ਆਪਣੇ ਪਹਿਲਾਂ ਲਏ ਫੈਸਲਿਆਂ 'ਤੇ ਕਾਇਮ ਰਹੇਗੀ।
- PTC NEWS