Khanna News : ਖੰਨਾ 'ਚ ਸਾਹਮਣੇ ਆਈ ਬੇਅਦਬੀ ਦੀ ਘਟਨਾ, CCTV 'ਚ ਇੱਕ ਬੱਚਾ ਬੇਅਦਬੀ ਕਰਦਾ ਦਿੱਤਾ ਵਿਖਾਈ, ਸੰਗਤ 'ਚ ਰੋਸ
ਖੰਨਾ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਪਵਿੱਤਰ ਗੁਟਕਾ ਸਾਹਿਬ ਦੇ ਅੰਗ ਫਾੜੇ ਗਏ ਅਤੇ ਗਲੀ ਵਿੱਚ ਖਿਲਾਰ ਦਿੱਤੇ ਗਏ। ਇਹ ਘਟਨਾ ਖੰਨਾ ਦੇ ਸਿੰਘ ਅਵੇਨੇਉ ਦੀ ਗਲੀ ਨੰਬਰ 2 ਵਿੱਚ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਹ ਵੇਖਣ ਨੂੰ ਮਿਲਿਆ ਹੈ, ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਬੱਚਾ ਗੁਟਕਾ ਸਾਹਿਬ ਦੇ ਅੰਗ ਖਿਲਾਰਦਾ ਨਜ਼ਰ ਆ ਰਿਹਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਸਾਜਿਸ਼ ਜਾਪਦੀ ਹੈ ਇਸ ਦੀ ਪੂਰਨ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ।
ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਘਟਨਾ ਨੂੰ ਅੰਜਾਮ ਝੁਗੀ ਚੋਪੜੀ ਵਾਲਿਆਂ ਨੇ ਦਿੱਤਾ ਹੈ ਅਤੇ ਇਹ ਨਜਾਇਜ਼ ਤੌਰ ਤੇ ਇੱਥੇ ਰਹਿ ਰਹੇ ਹਨ ਨਾ ਤਾਂ ਇਹਨਾਂ ਦੇ ਕੋਲ ਜਰੂਰੀ ਕਾਗਜ਼ਾਤ ਹਨ ਅਤੇ ਨਾ ਹੀ ਕੋਈ ਪਛਾਣ ਪੱਤਰ ਇਨ੍ਹਾਂ ਦੀ ਜਾਂਚ ਕਰ ਇਹਨਾਂ ਨੂੰ ਇੱਥੋਂ ਕੱਢਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ। ਮੌਕੇ 'ਤੇ ਪੁਲਿਸ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਐਸਜੀਪੀਸੀ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ।
ਸ਼੍ਰੋਮਣੀ ਅਕਾਲੀ ਦਲ ਦੇ ਖੰਨਾ ਤੋਂ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਜਾਦੂ ਨੇ ਕਿਹਾ ਕਿ ਇਸ ਘਟਨਾ ਦੀ ਪੂਰਨ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਪਿੱਛੇ ਜੋ ਵੀ ਜਿੰਮੇਵਾਰ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਹੀਂ ਤਾਂ ਸਾਨੂੰ ਇਸ ਘਨਾਉਣੇ ਅਪਰਾਧ ਖਿਲਾਫ ਧਰਨੇ ਦੇਣੇ ਪੈਣਗੇ।
ਦੂਜੇ ਪਾਸੇ, ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਸੀ ਅਤੇ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਬੱਚਾ ਗੁਟਕਾ ਸਾਹਿਬ ਤੇ ਅੰਗ ਖਿਲਾਰ ਦਾ ਨਜ਼ਰ ਆਇਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਇਸ ਘਟਨਾ ਦੇ ਪਿੱਛੇ ਹੋਵੇਗਾ ਉਸ ਵਿਅਕਤੀ ਤੇ ਕਾਰਵਾਈ ਕੀਤੀ ਜਾਵੇਗੀ।
- PTC NEWS