DM Gagandeep Death Case : ਅਕਾਲੀ ਦਲ ਸਮੇਤ ਵਿਰੋਧੀ ਧਿਰਾਂ ਵੱਲੋਂ 'ਆਪ' ਸਰਕਾਰ ਖਿਲਾਫ਼ ਮੋਰਚਾ, CM ਮਾਨ ਦੀ ਰਿਹਾਇਸ਼ ਦਾ ਕੀਤਾ ਜਾ ਰਿਹਾ ਘਿਰਾਓ
DM Gagandeep Death Case : ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪੁਲਿਸ ਵੱਲੋਂ ਐਫਆਈਆਰ ਦਰਜ ਕਰਨ ਤੋਂ ਬਾਅਦ ਹੁਣ 'ਆਪ' ਵਿਧਾਇਕ ਤੇ ਉਸ ਦੇ ਪਿਤਾ ਸਮੇਤ ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਵਿਰੋਧੀ ਧਿਰਾਂ ਵੱਲੋਂ ਚੰਡੀਗੜ੍ਹ 'ਚ 'ਆਪ' ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ।
ਜਾਣਕਾਰੀ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਸਮੇਤ ਕਾਂਗਰਸ, ਭਾਜਪਾ ਸਮੇਤ ਹੋਰ ਵੱਖ ਵੱਖ ਇਨਸਾਫ਼ ਪਸੰਦ ਧਿਰਾਂ ਵੀ ਪਰਿਵਾਰ ਲਈ ਇਨਸਾਫ਼ ਮੰਗਣ ਲਈ ਸੀਐਮ ਮਾਨ ਦੀ ਰਿਹਾਇਸ਼ ਦੇ ਘਿਰਾਓ ਦੇ ਸੱਦੇ ਤਹਿਤ ਵੱਡੀ ਗਿਣਤੀ ਪਹੁੰਚੀਆਂ ਹੋਈਆਂ ਹਨ।
ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ, ਛੱਡੀਆਂ ਪਾਣੀ ਦੀਆਂ ਬੁਛਾੜਾਂ
ਸੀਐਮ ਦੀ ਰਿਹਾਇਸ਼ ਅੱਗੇ ਧਰਨੇ ਲਈ ਪੀੜਤ ਪਰਿਵਾਰ ਵੀ ਸ਼ਾਮਲ ਹੈ। ਆਗੂਆਂ ਤੇ ਵਰਕਰਾਂ ਵੱਲੋਂ ਜਿਵੇਂ ਹੀ ਸੀਐਮ ਮਾਨ ਦੀ ਰਿਹਾਇਸ਼ ਦੇ ਘਿਰਾਓ ਲਈ ਕੂਚ ਕੀਤਾ ਤਾਂ ਵੱਡੀ ਗਿਣਤੀ ਵਿੱਚ ਤੈਨਾ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡ ਲਗਾ ਕੇ ਰਸਤੇ ਵਿੱਚ ਹੀ ਰੋਕ ਲਿਆ ਹੈ ਅਤੇ ਅੱਗੇ ਨਹੀਂ ਵਧਣ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਿਰੋਧੀ ਧਿਰਾਂ ਦੇ ਵਰਕਰਾਂ ਵੱਲੋਂ ਜਬਰਦਸਤੀ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲਿਸ ਨਾਲ ਧੱਕਾ-ਮੁੱਕੀ ਹੋਈ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਇਸ ਦੌਰਾਨ ਪਾਣੀ ਦੀਆਂ ਬੁਛਾੜਾਂ ਚਲਾ ਦਿੱਤੀਆਂ ਅਤੇ ਕਈ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ।
ਇਸ ਮੌਕੇ ਵਿਰੋਧੀ ਧਿਰਾਂ ਦੇ ਆਗੂਆਂ ਵਿੱਚ ਅਕਾਲੀ ਦਲ ਤੋਂ ਬਿਕਰਮ ਸਿੰਘ ਮਜੀਠੀਆ, ਐਡਵੋਕੇਟ ਅਰਸ਼ਦੀਪ ਕਲੇਰ, ਪਰਵਿੰਦਰ ਸੋਹਾਣਾ, ਪਰਮਬੀਰ ਸੰਨੀ, ਸਿਮਰਨ ਢਿੱਲੋਂ, ਸ਼ਮਸ਼ੇਰ ਪੁਰਖਲਵੀ, ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਲੀਡਰ, ਭਾਜਪਾ ਤੋਂ ਪ੍ਰਧਾਨ ਸੁਨੀਲ ਜਾਖੜ ਸਮੇਤ ਅਨਿਲ ਸਰੀਨ, ਵਿਨੀਤ ਜੋਸ਼ੀ, ਸੰਜੀਵ ਵਸ਼ਿਸ਼ਟ ਆਦਿ ਲੀਡਰ ਪਹੁੰਚੇ ਹੋਏ ਸਨ।
ਮੰਤਰੀ ਤੇ ਉਸ ਦੇ ਪਿਤਾ ਖਿਲਾਫ਼ FIR ਦਰਜ, ਜਾਣੋ ਕਿਹੜੀਆਂ ਧਾਰਾਵਾਂ ਲੱਗੀਆਂ ? ਪੜ੍ਹਨ ਲਈ ਲਿੰਕ 'ਤੇ ਕਰੋ ਕਲਿੱਕ...
ਇਸ ਮੌਕੇ ਆਗੂਆਂ ਤੇ ਪੀੜਤ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਅਤੇ ਲਾਲਜੀਤ ਭੁੱਲਰ ਦੀ ਉਸ ਦੇ ਪਿਤਾ ਸਮੇਤ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ, ਓਨਾ ਚਿਰ ਤੱਕ ਗਗਨਦੀਪ ਰੰਧਾਵਾ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਚੰਡੀਗੜ੍ਹ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ, ਸਰਬਜੀਤ ਸਿੰਘ ਝਿੰਜਰ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ 'ਚ ਲੈ ਕੇ ਸੈਕਟਰ 3 ਥਾਣੇ ਲਿਜਾਇਆ ਗਿਆ। ਇਸ ਮੌਕੇ ਆਗੂਆਂ ਨੇ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ, ਰੰਧਾਵਾ ਪਰਿਵਾਰ ਲਈ ਇਨਸਾਫ਼ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖਤਾ ਲਈ ਇਹ ਲੜਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ .... 'ਗੈਂਗਸਟਰ ਮੇਰੇ ਪਾਲੇ ਹੋਏ ਹਨ...ਮੇਰਾ ਇੱਕ ਇਸ਼ਾਰਾ...ਤੂੰ ਜ਼ਹਿਰ ਖਾ ਲੈ...'', DM ਗਗਨਦੀਪ ਦੀ ਪਤਨੀ ਨੇ FIR 'ਚ ਲਾਏ ਇਲਜ਼ਾਮ
- PTC NEWS