Jalandhar News : ਛਿੰਜ ਮੇਲੇ ਦੌਰਾਨ ਪਹਿਲਵਾਨਾਂ ਦੇ ਗੁੱਟਾਂ ਵਿਚਾਲੇ ਚੱਲੀਆਂ ਕੁਰਸੀਆਂ-ਡੰਡੇ, ਕਈ ਜ਼ਖਮੀ
ਸ਼ਾਹਕੋਟ ਦੇ ਨੇੜਲੇ ਪਿੰਡ ਬਾਜਵਾ ਕਲਾਂ ਵਿੱਚ ਚੱਲ ਰਹੇ ਛਿੰਜ ਮੇਲੇ ਦੌਰਾਨ ਹਫੜਾ-ਦਫੜੀ ਮਚ ਗਈ ਜਦੋਂ ਦੋ ਪ੍ਰਸਿੱਧ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਛਿੰਜ ਮੇਲਾ ਗ੍ਰਾਮ ਪੰਚਾਇਤ ਅਤੇ ਪ੍ਰਮੁੱਖ ਪਿੰਡ ਵਾਸੀਆਂ ਵੱਲੋਂ ਪਿੰਡ ਬਾਜਵਾ ਕਲਾਂ ਵਿੱਚ ਬਾਬਾ ਸੁਖਚੈਨ ਦਾਸ ਜੀ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਆਯੋਜਿਤ ਕੀਤਾ ਗਿਆ ਸੀ। ਕੁਝ ਪਹਿਲਵਾਨਾਂ ਅਤੇ ਪਿੰਡ ਵਾਸੀਆਂ ਨੇ ਕੁਸ਼ਤੀ ਮੈਚਾਂ ਦੌਰਾਨ ਇੱਕ ਪਹਿਲਵਾਨ ਦੇ ਰੈਫਰੀ ਵਜੋਂ ਕੰਮ ਕਰਨ 'ਤੇ ਇਤਰਾਜ਼ ਜਤਾਇਆ। ਇਸ ਤੋਂ ਬਾਅਦ, ਸਟੇਜ ਤੋਂ ਐਲਾਨ ਵੀ ਕਰਵਾਇਆ ਗਿਆ।
ਐਨਾਉਂਸਮੈਂਟ ਤੋਂ ਬਾਅਦ ਵੀ ਉਕਤ ਪਹਿਲਵਾਨ ਨਾਰਾਜ਼ ਹੋ ਗਿਆ ਅਤੇ ਆਪਣੇ ਸਮਰਥਕਾਂ ਦੇ ਨਾਲ ਪਿੰਡ ਢੱਡੋਵਾਲ ਦੇ ਨਾਮੀ ਪਹਿਵਾਨ ਨਾਲ ਭਿੜ ਗਏ। ਦੇਖਦੇ ਹੀ ਦੇਖਦੇ ਦੋਹਾਂ ਧਿਰਾਂ ’ਚ ਹੱਥੋਪਾਈ ਸ਼ੁਰੂ ਹੋ ਗਿਆ ਅਤੇ ਕੁਰਸੀਆਂ ਤੇ ਡੰਡੇ ਚੱਲਣ ਲੱਗੇ। ਇਸ ਦੌਰਾਨ ਇੱਕ ਪਹਿਲਵਾਨ ਨੇ ਦੂਜੇ ਪਹਿਲਵਾਨ ’ਤੇ ਕੁਰਸੀਆਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸਦੇ ਸਿਰ ’ਤੇ ਸੱਟ ਲੱਗ ਗਈ।
ਝਗੜੇ ਦੇ ਕਾਰਨ ਮੇਲੇ ’ਚ ਹੜਕੰਪ ਮਚ ਗਿਆ ਅਤੇ ਛਿੰਜ ਮੁਕਾਬਲਾ ਬੰਦ ਕਰਵਾਉਣ ਪੈ ਗਿਆ। ਦੂਜੇ ਪਾਸੇ ਜ਼ਖਮੀ ਪਹਿਲਵਾਨਾਂ ਅਤੇ ਉਸਦੇ ਸਮਰਥਕਾਂ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ। ਡਾਕਟਰਾਂ ਨੇ ਮੁੱਢਲੀ ਇਲਾਜ ਮਗਰੋਂ ਦੋਹਾਂ ਪਹਿਲਵਾਨਾਂ ਨੂੰ ਰੈਫਰ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਝਗੜੇ ’ਚ ਇੱਕ ਪਹਿਲਵਾਨ ਦੇ ਸਿਰ ’ਤੇ ਸੱਟ ਲੱਗੀ ਹੈ ਜਦਕਿ ਦੂਜੇ ਪਹਿਲਵਾਨ ਦੀ ਬਾਂਹ ਟੁੱਟ ਗਈ ਹੈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਵੀ ਮੌਕੇ ’ਤੇ ਪਹੁੰਚੀ। ਏਐਸਆਈ ਸੁਖਵੰਤ ਸਿੰਘ ਪੁਲਿਸ ਪਾਰਟੀ ਸਣੇ ਹਸਪਤਾਲ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਦੋਹਾਂ ਧਿਰਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹੋਰ ਕਰਜ਼ਾ ਚੁੱਕਣ ਦੀ ਤਿਆਰੀ ’ਚ ਪੰਜਾਬ ਸਰਕਾਰ ! ਸੂਬਾ ਸਰਕਾਰ ਦੂਜੀ ਤਿਮਾਹੀ ’ਚ 14 ਹਜ਼ਾਰ ਕਰੋੜ ਦਾ ਚੁੱਕੇਗੀ ਕਰਜ਼ਾ
- PTC NEWS