CM ਮਾਨ ਦੇ ਚਚੇਰੇ ਭਰਾ ਨੇ ਘੇਰੀ AAP ਸਰਕਾਰ, ਪੱਤਰਕਾਰਾਂ 'ਤੇ ਪਰਚੇ ਦਰਜ ਕਰਨ ਦੀ ਕੀਤੀ ਨਿਖੇਧੀ
Gian Singh Mann : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਚੇਰਾ ਭਰਾ ਗਿਆਨ ਸਿੰਘ ਮਾਨ ਨੇ ਪੱਤਰਕਾਰਾਂ ਖਿਲਾਫ਼ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਰਵਾਈ 'ਤੇ ਸਵਾਲ ਚੁੱਕੇ ਹਨ। ਗਿਆਨ ਸਿੰਘ ਮਾਨ ਨੇ ਪੱਤਰਕਾਰਾਂ ਖਿਲਾਫ਼ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਪਰਚੇ ਤੁਰੰਤ ਰੱਦ ਕਰਨ ਲਈ ਕਿਹਾ ਹੈ।
ਦੱਸ ਦਈਏ ਕਿ ਪੱਤਰਕਾਰਾਂ ਅਤੇ ਆਰਟੀਆਈ ਕਾਰਕੁੰਨ ਖਿਲਾਫ਼ ਪੰਜਾਬ ਸਰਕਾਰ ਵੱਲੋਂ ਹੈਲੀਕਾਪਟਰ ਨੂੰ ਲੈ ਕੇ ਸਵਾਲਾਂ ਸਬੰਧੀ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਨਾਲ ਪੰਜਾਬ ਭਰ ਦੇ ਪੱਤਰਕਾਰਾਂ ਅਤੇ ਆਰਟੀਆਈ ਕਾਰਕੁੰਨਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਇਸ ਸਬੰਧ 'ਚ ਰੋਸ ਪ੍ਰਗਟ ਕਰਦਿਆਂ ਐਤਵਾਰ ਨੂੰ ਪੱਤਰਕਾਰਾਂ ਵੱਲੋਂ ਚੰਡੀਗੜ੍ਹ ਦੇ ਸੈਕਟਰ 17 'ਚ ਸੰਕੇਤਕ ਰੋਸ ਧਰਨਾ ਵੀ ਲਾਇਆ ਗਿਆ, ਜਿਸ ਨੂੰ ਜਿਥੇ ਵੱਖ ਵੱਖ ਜਥੇਬੰਦੀਆਂ ਨੇ ਸਮਰਥਨ ਦਿੱਤਾ, ਉਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਪਹੁੰਚ ਕੇ ਸਮਰਥਨ ਦਿੱਤਾ।
ਗਿਆਨ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆਫੇਸਬੁਕ ਪੇਜ ਦੇ ਉੱਪਰ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਲਿਖਿਆ, "ਆਰ.ਟੀ.ਆਈ ਐਕਟੀਵਿਸਟ ਮਾਨਿਕ ਗੋਇਲ ਅਤੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਵੱਲੋਂ ਹੈਲੀਕਾਪਟਰ ਦੇ ਗੇੜਿਆਂ ਬਾਰੇ ਸਵਾਲ ਪੁੱਛਣ 'ਤੇ ਦਰਜ ਹੋਏ ਪਰਚੇ ਬਿਨਾਂ ਸ਼ਰਤ ਰੱਦ ਹੋਣੇ ਚਾਹੀਦੇ ਹਨ।''
ਉਨ੍ਹਾਂ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਲਿਖਿਆ, ''ਸੋਸ਼ਲ ਮੀਡੀਆ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ, ਲੋਕਤੰਤਰ ਵਿੱਚ ਸਰਕਾਰਾਂ ਨੂੰ ਸਵਾਲ-ਜਵਾਬ ਕਰਨਾ ਲੋਕਾਂ ਦਾ ਸਵਿਧਾਨਕ ਹੱਕ ਹੈ, ਲੋਕਾਂ ਦੇ ਇਸ ਅਧਿਕਾਰ ਦੀ ਹਮੇਸ਼ਾ ਰੱਖਿਆ ਹੋਣੀ ਚਾਹੀਦੀ ਹੈ।''
ਦੱਸ ਦਈਏ ਕਿ ਗਿਆਨ ਸਿੰਘ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿੱਚ ਰਹਿੰਦੇ ਹਨ ਅਤੇ ਇਹ ਸੀਐਮ ਮਾਨ ਦੇ ਸਕੇ ਚਾਚਾ ਦੇ ਬੇਟਾ ਅਤੇ ਸੱਕੀ ਮਾਸੀ ਦੇ ਬੇਟੇ ਹਨ ਭਾਵ ਇਹਨਾਂ ਦੋਨਾਂ ਦੀਆਂ ਮਾਵਾਂ ਵੀ ਸਕੀਆਂ ਭੈਣਾਂ ਹਨ।
- PTC NEWS