Sofiya Qureshi News : ਕੀ ਕਰਨਲ ਸੋਫੀਆ ਕੁਰੈਸ਼ੀ ਦੇ ਪਰਿਵਾਰ 'ਤੇ ਹਮਲਾ ਹੋਇਆ ? ਕਰਨਾਟਕ ਪੁਲਿਸ ਨੇ ਸਹੁਰੇ ਘਰ ਦੀ ਵਧਾ ਦਿੱਤੀ ਸੁਰੱਖਿਆ, ਜਾਣੋਂ ਸੱਚਾਈ
Sofiya Qureshi News : ਕਰਨਾਟਕ (Karnataka) ਦੀ ਬੇਲਗਾਮ ਪੁਲਿਸ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕੀਤੇ ਗਏ ਦਾਅਵੇ ਨੂੰ ਫਰਜ਼ੀ ਖ਼ਬਰ ਕਰਾਰ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਲੋਕਾਂ ਨੇ ਬੇਲਗਾਵੀ ਜ਼ਿਲ੍ਹੇ ਦੇ ਗੋਕਕ ਵਿੱਚ ਫੌਜੀ ਅਧਿਕਾਰੀ ਸੋਫੀਆ ਕੁਰੈਸ਼ੀ ਦੇ ਸਹੁਰੇ ਘਰ ਦੀ ਭੰਨਤੋੜ ਕੀਤੀ ਅਤੇ ਉਸਦੇ ਪਰਿਵਾਰ 'ਤੇ ਹਮਲਾ ਕੀਤਾ।
ਸੋਸ਼ਲ ਮੀਡੀਆ ਸਾਈਟ 'X' 'ਤੇ ਇੱਕ ਪੋਸਟ ਵਿੱਚ ਲਿਖਿਆ ਸੀ, "ਮੁਸਲਿਮ ਭਾਰਤੀ ਫੌਜ ਅਧਿਕਾਰੀ ਦੇ ਪਰਿਵਾਰ 'ਤੇ ਪਰੇਸ਼ਾਨ ਕਰਨ ਵਾਲਾ ਹਮਲਾ। ਕਰਨਲ ਸੋਫੀਆ ਕੁਰੈਸ਼ੀ ,ਕੁੱਝ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਬਣ ਗਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਬੇਲਗਾਵੀ ਵਿੱਚ ਉਸਦੇ ਪਰਿਵਾਰਕ ਘਰ 'ਤੇ ਕੁੱਝ ਸ਼ਰਾਰਤੀ ਅਨਸਰਾਂ ਨੇ ਸਵੇਰੇ 3 ਵਜੇ ਦੇ ਕਰੀਬ ਹਮਲਾ ਕੀਤਾ।
ਉਸਦੇ ਪੁੱਤਰ ਸਮੀਰ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਉਸਦੀ ਧੀ ਹਨੀਮਾ ਦੀ ਭਾਲ ਕੀਤੀ, ਜੋ ਉਸ ਸਮੇਂ ਦਿੱਲੀ ਵਿੱਚ ਸੀ। ਹਮਲਾਵਰਾਂ ਨੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਨਫ਼ਰਤ ਭਰੇ ਨਾਅਰੇ ਲਗਾਏ ਜਿਵੇਂ ਕਿ: 'ਭਾਰਤ ਵਿੱਚ ਮੁਸਲਮਾਨਾਂ ਲਈ ਕੋਈ ਜਗ੍ਹਾ ਨਹੀਂ', 'ਇਹ ਇੱਕ ਹਿੰਦੂ ਰਾਸ਼ਟਰ ਹੈ।'"
ਪੁਲਿਸ ਨੇ ਦਾਅਵੇ ਨੂੰ ਕੀਤਾ ਰੱਦ
ਬੇਲਗਾਮ ਦੇ ਐਸਪੀ ਡਾਕਟਰ ਭੀਮਾਸ਼ੰਕਰ ਗੁਲੇਡ ਨੇ ਇਸ ਘਟਨਾ ਤੋਂ ਇਨਕਾਰ ਕੀਤਾ ਹੈ ਅਤੇ ਸੋਸ਼ਲ ਮੀਡੀਆ ਪੋਸਟ ਵਿੱਚ ਕੀਤੇ ਗਏ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਸਾਵਧਾਨੀ ਦੇ ਤੌਰ 'ਤੇ ਪੁਲਿਸ ਨੇ ਕੋਨੂਰ ਪਿੰਡ ਵਿੱਚ ਸੋਫੀਆ ਦੇ ਸਹੁਰੇ ਗੌਸਬ ਬਾਗੇਵਾੜੀ ਦੇ ਘਰ ਸੁਰੱਖਿਆ ਤਾਇਨਾਤ ਕਰ ਦਿੱਤੀ ਹੈ। ਗੋਕਕ ਦੇ ਸੀਪੀਆਈ ਸੁਰੇਸ਼ ਆਰ.ਬੀ. ਨੇ ਮੌਕੇ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਪਰਿਵਾਰ ਨੂੰ ਗੈਰ-ਜ਼ਰੂਰੀ ਜਨਤਕ ਸੰਪਰਕ ਤੋਂ ਬਚਣ ਦੀ ਸਲਾਹ ਦਿੱਤੀ ਹੈ।
- PTC NEWS