Covid-19 Update : ਹੁਣ ਭਾਰਤ 'ਚ ਵੀ 'ਕੋਰੋਨਾ' ਦੀ ਐਂਟਰੀ ,ਇਨ੍ਹਾਂ ਸੂਬਿਆਂ 'ਚ ਸਭ ਤੋਂ ਵੱਧ ਮਾਮਲੇ, ਜਾਣੋ ਤਾਜ਼ਾ ਅਪਡੇਟ
Covid-19 Update : ਕੋਰੋਨਾ ਵਾਇਰਸ ਨੇ ਫਿਰ ਦਸਤਕ ਦੇ ਦਿੱਤੀ ਹੈ। ਹਾਂਗਕਾਂਗ, ਸਿੰਗਾਪੁਰ, ਚੀਨ ਅਤੇ ਥਾਈਲੈਂਡ ਤੋਂ ਬਾਅਦ ਹੁਣ ਭਾਰਤ ਵਿੱਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ। ਮੁੰਬਈ ਦੇ ਕੇਈਐਮ ਹਸਪਤਾਲ ਵਿੱਚ ਕੋਵਿਡ-19 ਨਾਲ ਸੰਕਰਮਿਤ 2 ਲੋਕਾਂ ਦੀ ਮੌਤ ਨੇ ਚਿੰਤਾ ਨੂੰ ਹੋਰ ਵਧਾ ਦਿੱਤਾ। ਭਾਰਤ ਵਿੱਚ ਇੱਕ ਹਫ਼ਤੇ ਵਿੱਚ 164 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਵਿਡ ਕਾਰਨ 2 ਲੋਕਾਂ ਦੀ ਮੌਤ ਕਾਰਨ ਮਹਾਰਾਸ਼ਟਰ ਵਿੱਚ ਹੜਕੰਪ ਮਚ ਗਿਆ ਹੈ। ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਮੌਤ ਕੋਵਿਡ-19 ਕਾਰਨ ਨਹੀਂ ਹੋਈ ਪਰ ਰਿਪੋਰਟਾਂ ਅਨੁਸਾਰ ਦੋਵੇਂ ਮਰੀਜ਼ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਸੂਤਰਾਂ ਅਨੁਸਾਰ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਇੱਕ ਸਮੀਖਿਆ ਮੀਟਿੰਗ ਕੀਤੀ ਅਤੇ ਕਿਹਾ ਕਿ ਭਾਰਤ ਵਿੱਚ ਸਥਿਤੀ 'ਕੰਟਰੋਲ ਵਿੱਚ' ਹੈ।
ਭਾਰਤ ਵਿੱਚ 257 ਐਕਟਿਵ ਮਾਮਲੇ
ਸਿਹਤ ਮੰਤਰਾਲੇ ਦੀ ਰਿਪੋਰਟ ਦੇ ਅਨੁਸਾਰ ਇਸ ਸਮੇਂ ਭਾਰਤ ਵਿੱਚ 257 ਐਕਟਿਵ ਮਾਮਲੇ ਹਨ, ਜਿਨ੍ਹਾਂ ਵਿੱਚ ਕੇਰਲ, ਮਹਾਰਾਸ਼ਟਰ ਅਤੇ ਤਾਮਿਲਨਾਡੂ ਸਭ ਤੋਂ ਉੱਪਰ ਹਨ। ਕੇਰਲ ਵਿੱਚ ਸਭ ਤੋਂ ਵੱਧ 69 ਪਾਜ਼ੀਟਿਵ ਮਾਮਲੇ ਹਨ, ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 44 ਅਤੇ ਤਾਮਿਲਨਾਡੂ ਵਿੱਚ 34 ਕੋਰੋਨਾ ਪਾਜ਼ੀਟਿਵ ਮਾਮਲੇ ਹਨ। ਨਵੇਂ ਕੇਸਾਂ ਵਾਲੇ ਹੋਰ ਰਾਜ ਕਰਨਾਟਕ (8), ਗੁਜਰਾਤ (6), ਦਿੱਲੀ (3) ਅਤੇ ਹਰਿਆਣਾ, ਰਾਜਸਥਾਨ ਅਤੇ ਸਿੱਕਮ ਵਿੱਚ ਇੱਕ-ਇੱਕ ਹਨ। ਪੰਜਾਬ ਵਿੱਚ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਲੋਕਾਂ ਨੂੰ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।
ਭਾਰਤ ਵਿੱਚ ਕੋਵਿਡ ਦੇ ਮਾਮਲੇ ਹਲਕੇ
ਮੁੰਬਈ ਦੇ ਕੇਈਐਮ ਹਸਪਤਾਲ ਵਿੱਚ ਇੱਕ 14 ਸਾਲਾ ਅਤੇ ਇੱਕ 54 ਸਾਲਾ ਵਿਅਕਤੀ ਦੀ ਮੌਤ ਹੋ ਗਈ। ਹਾਲਾਂਕਿ, ਦੋਵਾਂ ਮਰੀਜ਼ਾਂ ਦੀ ਸਿਹਤ ਸਥਿਤੀ ਨਾਜ਼ੁਕ ਸੀ। ਇੱਕ ਮਰੀਜ਼ ਨੂੰ ਮੂੰਹ ਦਾ ਕੈਂਸਰ ਸੀ। ਦੂਜੇ ਨੂੰ ਨੈਫਰੋਟਿਕ ਸਿੰਡਰੋਮ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਕੋਵਿਡ ਕਾਰਨ ਨਹੀਂ ਸਗੋਂ ਪੁਰਾਣੀਆਂ ਬਿਮਾਰੀਆਂ ਕਾਰਨ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਕੋਵਿਡ ਦੀ ਸਥਿਤੀ ਕਾਬੂ ਵਿੱਚ ਹੈ। ਸਾਰੇ ਮਾਮਲਿਆਂ ਵਿੱਚ ਹਲਕੇ ਲੱਛਣ ਹਨ, ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਸ਼ਿਲਪਾ ਸ਼ਿਰੋਡਕਰ ਕੋਰੋਨਾ ਪਾਜ਼ੀਟਿਵ
ਸੋਮਵਾਰ (20 ਮਈ) ਨੂੰ ਬਿੱਗ ਬੌਸ ਫੇਮ ਸ਼ਿਲਪਾ ਸ਼ਿਰੋਡਕਰ ਕੋਰੋਨਾ ਪਾਜ਼ਿਟਿਵ ਪਾਈ ਗਈ। ਜਿਸ ਤੋਂ ਬਾਅਦ ਸਵਾਲ ਉੱਠਣ ਲੱਗੇ ਕਿ ਕੀ ਹਾਂਗਕਾਂਗ-ਸਿੰਗਾਪੁਰ ਵਾਂਗ ਭਾਰਤ ਵਿੱਚ ਵੀ ਖ਼ਤਰਾ ਵਧ ਰਿਹਾ ਹੈ? ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਹੇਠ ਇੱਕ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਵਿੱਚ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ, ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਮਾਹਰ ਸ਼ਾਮਲ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਸਥਿਤੀ 'ਤੇ ਵੀ ਗੰਭੀਰਤਾ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਸਿੰਗਾਪੁਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ
ਸਿੰਗਾਪੁਰ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ 28% ਵਾਧਾ ਹੋਇਆ ਹੈ। 3 ਮਈ ਨੂੰ ਖਤਮ ਹੋਏ ਹਫ਼ਤੇ ਵਿੱਚ ਇੱਥੇ ਲਗਭਗ 14,200 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਪਿਛਲੇ ਹਫ਼ਤੇ ਦੇ 11,100 ਮਾਮਲਿਆਂ ਨਾਲੋਂ ਬਹੁਤ ਜ਼ਿਆਦਾ ਹਨ। ਸਿੰਗਾਪੁਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਲਰਟ 'ਤੇ ਹੈ। ਸਿੰਗਾਪੁਰ ਵਿੱਚ, ਰੋਜ਼ਾਨਾ ਹਸਪਤਾਲਾਂ ਵਿੱਚ ਦਾਖਲ ਹੋਣ ਦੀ ਗਿਣਤੀ ਵਿੱਚ ਲਗਭਗ 30% ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਹਾਂਗਕਾਂਗ ਵਿੱਚ ਵੀ ਇਸੇ ਹਫ਼ਤੇ 31 ਲੋਕ ਕੋਰੋਨਾ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਪਾਏ ਗਏ ਹਨ।
- PTC NEWS