Patiala news: ਬਹਾਦਰਗੜ੍ਹ ਟਰੇਨਿੰਗ ਸੈਂਟਰ ‘ਚ ਗੋਲੀਬਾਰੀ ਕਾਰਨ ਟਰੇਨੀ ਕਮਾਂਡੋ ਦੀ ਮੌਤ
Patiala news: ਪੰਜਾਬ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਟਰੇਨਿੰਗ ਸੈਂਟਰ 'ਚ ਸ਼ਨੀਵਾਰ ਸ਼ਾਮ ਟਰੇਨਿੰਗ ਕਰ ਰਹੇ ਇਕ ਕਮਾਂਡੋ ਦੀ ਮੌਤ ਹੋ ਗਈ। ਮ੍ਰਿਤਕ 28 ਸਾਲਾ ਮਨਜੋਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਘਟਨਾ ਸ਼ਾਮ ਕਰੀਬ ਪੰਜ ਵਜੇ ਵਾਪਰੀ। ਗੋਲੀ ਕਮਾਂਡੋ ਦੇ ਸਿਰ ਵਿੱਚ ਲੱਗੀ। ਉਸ ਨੂੰ ਗੰਭੀਰ ਹਾਲਤ 'ਚ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਥਾਣਾ ਬਹਾਦਰਗੜ੍ਹ ਅਤੇ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨਜੋਤ ਸਿੰਘ ਸਾਲ 2020 ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਕਰੀਬ ਇੱਕ ਮਹੀਨਾ ਪਹਿਲਾਂ ਉਹ ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਟਰੇਨਿੰਗ ਸੈਂਟਰ ਵਿੱਚ ਟਰੇਨਿੰਗ ਲੈਣ ਆਇਆ ਸੀ।
ਸੂਤਰਾਂ ਮੁਤਾਬਿਕ ਪਤਾ ਚੱਲਿਆ ਕਿ ਗੋਲੀ SLR ਬੰਦੂਕ ਤੋਂ ਗੋਲੀ ਚੱਲੀ। ਫਿਲਹਾਲ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਮਾਂਡੋ ਮਨਜੋਤ ਐਸਐਲਆਰ ਸਾਫ਼ ਕਰ ਰਿਹਾ ਸੀ ਅਤੇ ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਕਮਾਂਡੋ ਦੇ ਸਿਰ ਵਿੱਚ ਸਿੱਧੀ ਜਾ ਲੱਗੀ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਪੱਕਾ ਕਿਹਾ ਜਾ ਸਕਦਾ ਹੈ।
- PTC NEWS