Delhi Covid Advisory : ਦਿੱਲੀ ਸਰਕਾਰ ਨੇ ਕੋਵਿਡ ਸਬੰਧੀ ਜਾਰੀ ਕੀਤੀ ਨਵੀਂ ਐਡਵਾਇਜ਼ਰੀ , ਹਸਪਤਾਲਾਂ ਨੂੰ ਤਿਆਰੀਆਂ ਕਰਨ ਦੇ ਨਿਰਦੇਸ਼
Delhi Covid Advisory : ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਇੱਕ ਵਾਰ ਫਿਰ ਕੋਵਿਡ-19 ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਇੱਕ ਅਹਿਮ ਐਡਵਾਇਜ਼ਰੀ ਜਾਰੀ ਕੀਤੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਇਸ ਐਡਵਾਇਜ਼ਰੀ ਵਿੱਚ ਸਾਰੇ ਹਸਪਤਾਲਾਂ ਨੂੰ ਸੁਚੇਤ ਰਹਿਣ ਅਤੇ ਕੋਵਿਡ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਐਡਵਾਇਜ਼ਰੀ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਹਸਪਤਾਲਾਂ ਨੂੰ ਬੈਡ , ਆਕਸੀਜਨ, ਦਵਾਈਆਂ ਅਤੇ ਟੀਕਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੋਵੇਗਾ। ਇਸ ਤੋਂ ਇਲਾਵਾ ਸਾਰੇ ਜ਼ਰੂਰੀ ਉਪਕਰਣ ਜਿਵੇਂ ਕਿ ਵੈਂਟੀਲੇਟਰ, BiPAP ਮਸ਼ੀਨਾਂ, ਆਕਸੀਜਨ ਕੰਸਨਟ੍ਰੇਟਰ ਅਤੇ PSA (ਪ੍ਰੈਸ਼ਰ ਸਵਿੰਗ ਐਡਸੋਰਪਸ਼ਨ) ਯੂਨਿਟ ਪੂਰੀ ਤਰ੍ਹਾਂ ਕਾਰਜਸ਼ੀਲ ਸਥਿਤੀ ਵਿੱਚ ਹੋਣੇ ਚਾਹੀਦੇ ਹਨ।
ਸਿਹਤ ਵਿਭਾਗ ਨੇ ਸਾਰੀਆਂ ਸਿਹਤ ਸੰਸਥਾਵਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਸਾਰੇ ਕੋਵਿਡ-19 ਪਾਜ਼ੇਟਿਵ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਲੋਕ ਨਾਇਕ ਹਸਪਤਾਲ ਭੇਜਣ। ਇਸ ਤੋਂ ਇਲਾਵਾ ਦਿੱਲੀ ਰਾਜ ਸਿਹਤ ਡੇਟਾ ਪ੍ਰਬੰਧਨ ਪੋਰਟਲ 'ਤੇ ਸਾਰੇ ਮਾਪਦੰਡਾਂ ਦੀ ਰੋਜ਼ਾਨਾ ਰਿਪੋਰਟਿੰਗ ਲਾਜ਼ਮੀ ਕਰ ਦਿੱਤੀ ਗਈ ਹੈ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਸਮਰਪਿਤ ਸਟਾਫ ਲਈ ਸਿਖਲਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਸਿਹਤ ਕੇਂਦਰਾਂ (OPD/IPD) ਵਿੱਚ ਇਨਫਲੂਐਂਜ਼ਾ ਵਰਗੀ ਬਿਮਾਰੀ (ILI) ਅਤੇ ਗੰਭੀਰ ਤੀਬਰ ਸਾਹ ਦੀ ਲਾਗ (SARI) ਦੇ ਮਾਮਲਿਆਂ ਦੀ ਰੋਜ਼ਾਨਾ ਰਿਪੋਰਟਿੰਗ 'ਏਕੀਕ੍ਰਿਤ ਸਿਹਤ ਜਾਣਕਾਰੀ ਪਲੇਟਫਾਰਮ' (IHIP) ਪੋਰਟਲ 'ਤੇ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਹਸਪਤਾਲ ਪਰਿਸਰ ਅਤੇ ਹੋਰ ਸਿਹਤ ਸੰਸਥਾਵਾਂ ਵਿੱਚ ਮਾਸਕ ਪਹਿਨਣ ਵਰਗੇ ਸਾਹ ਸੰਬੰਧੀ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਬਣਾਉਣ 'ਤੇ ਵੀ ਜ਼ੋਰ ਦਿੱਤਾ ਗਿਆ ਹੈ। ਦੇਸ਼ ਭਰ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਫਿਰ ਵਾਧਾ ਹੋਇਆ ਹੈ। ਵੀਰਵਾਰ ਨੂੰ ਗੁਜਰਾਤ ਵਿੱਚ 15 ਕੋਵਿਡ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ ਹਰਿਆਣਾ ਦੇ ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਤਿੰਨ-ਤਿੰਨ ਮਾਮਲੇ ਸਾਹਮਣੇ ਆਏ ਹਨ।
ਬੁੱਧਵਾਰ ਨੂੰ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਜਾਣਕਾਰੀ ਦਿੱਤੀ ਸੀ ਕਿ ਮਈ ਮਹੀਨੇ ਵਿੱਚ ਰਾਜ ਵਿੱਚ ਹੁਣ ਤੱਕ 182 ਕੋਵਿਡ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ 21 ਮਈ ਨੂੰ ਕਿਹਾ ਕਿ ਰਾਜ ਵਿੱਚ ਇਸ ਸਮੇਂ 16 ਸਰਗਰਮ ਕੋਵਿਡ ਮਾਮਲੇ ਹਨ।
- PTC NEWS