Delhi Metro Fare Hike : ਦਿੱਲੀ ਮੈਟਰੋ ਦੀ ਯਾਤਰਾ ਹੋਈ ਮਹਿੰਗੀ, ਸਭ ਤੋਂ ਲੰਬੀ ਦੂਰੀ ਦੀ ਕੀਮਤ ਹੋਵੇਗੀ 64 ਰੁਪਏ, ਦੇਖੋ ਪੂਰੀ ਲਿਸਟ
Delhi Metro Fare Hike : ਦਿੱਲੀ ਮੈਟਰੋ ਦੀ ਯਾਤਰਾ ਅੱਜ ਤੋਂ ਮਹਿੰਗੀ ਹੋ ਗਈ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਯਾਤਰੀਆਂ ਲਈ ਕਿਰਾਏ ਵਿੱਚ ਮਾਮੂਲੀ ਵਾਧਾ ਕੀਤਾ ਹੈ। ਡੀਐਮਆਰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਕੇ ਕਿਹਾ ਕਿ ਨਵੀਆਂ ਦਰਾਂ 25 ਅਗਸਤ 2025 (ਸੋਮਵਾਰ) ਤੋਂ ਲਾਗੂ ਹੋ ਗਈਆਂ ਹਨ। ਨਵੇਂ ਕਿਰਾਏ ਦੇ ਤਹਿਤ, ਕਿਰਾਇਆ 1 ਰੁਪਏ ਤੋਂ ਵਧਾ ਕੇ 4 ਰੁਪਏ ਕਰ ਦਿੱਤਾ ਗਿਆ ਹੈ।
ਡੀਐਮਆਰਸੀ ਨੇ 'ਐਕਸ' 'ਤੇ ਪੋਸਟ ਕੀਤਾ ਅਤੇ ਕਿਹਾ, "ਦਿੱਲੀ ਮੈਟਰੋ ਸੇਵਾਵਾਂ ਦੇ ਯਾਤਰੀ ਕਿਰਾਏ ਅੱਜ ਤੋਂ, ਯਾਨੀ 25 ਅਗਸਤ 2025 (ਸੋਮਵਾਰ) ਤੋਂ ਸੋਧੇ ਗਏ ਹਨ। ਇਹ ਵਾਧਾ ਬਹੁਤ ਘੱਟ ਹੈ, ਯਾਤਰਾ ਕੀਤੀ ਦੂਰੀ ਦੇ ਆਧਾਰ 'ਤੇ ਸਿਰਫ 1 ਰੁਪਏ ਤੋਂ 4 ਰੁਪਏ ਤੱਕ (ਏਅਰਪੋਰਟ ਐਕਸਪ੍ਰੈਸ ਲਾਈਨ ਲਈ 5 ਰੁਪਏ ਤੱਕ)। 25 ਅਗਸਤ 2025 ਤੋਂ ਲਾਗੂ ਹੋਣ ਵਾਲੇ ਨਵੇਂ ਕਿਰਾਏ ਸਲੈਬ ਇਸ ਪ੍ਰਕਾਰ ਹਨ:-
ਕਿਰਾਏ ਵਿੱਚ ਵਾਧੇ ਪਿੱਛੇ ਤਰਕ ਇਹ ਹੈ ਕਿ ਮੈਟਰੋ ਫੇਜ਼ 4 ਮੁਕੰਮਲ ਹੋਣ ਦੇ ਆਖਰੀ ਪੜਾਅ 'ਤੇ ਹੈ ਅਤੇ ਇਸ ਤੋਂ ਬਾਅਦ ਰੱਖ-ਰਖਾਅ ਦੀ ਲਾਗਤ ਵਧੇਗੀ, ਜਿਸ ਕਾਰਨ ਕਿਰਾਇਆ ਵਧਾਇਆ ਗਿਆ ਹੈ। ਆਖਰੀ ਵਾਰ ਮੈਟਰੋ ਦਾ ਕਿਰਾਇਆ ਸਾਲ 2017 ਵਿੱਚ ਵਧਾਇਆ ਗਿਆ ਸੀ। ਪਹਿਲੀ ਵਾਰ, ਡੀਐਮਆਰਸੀ ਨੇ ਨਿਰਪੱਖ ਨਿਰਧਾਰਨ ਕਮੇਟੀ ਬਣਾਏ ਬਿਨਾਂ ਕਿਰਾਇਆ ਵਧਾਇਆ ਹੈ। ਦੱਸ ਦਈਏ ਕਿ ਪਿਛਲੀ ਵਾਰ ਬਣਾਈ ਗਈ ਕਮੇਟੀ ਨੇ ਭਵਿੱਖ ਵਿੱਚ ਬਿਨਾਂ ਕਿਸੇ ਕਮੇਟੀ ਦੇ ਕਿਰਾਏ ਵਿੱਚ ਵਾਧੇ ਦੀ ਇਜਾਜ਼ਤ ਦੇ ਦਿੱਤੀ ਸੀ।
ਨਵੇਂ ਕਿਰਾਏ ਅਨੁਸਾਰ ਆਮ ਦਿਨਾਂ ਵਿੱਚ, 0-2 ਕਿਲੋਮੀਟਰ ਦੀ ਯਾਤਰਾ ਦਾ ਕਿਰਾਇਆ 10 ਰੁਪਏ ਤੋਂ ਵਧਾ ਕੇ 11 ਰੁਪਏ, 2-5 ਕਿਲੋਮੀਟਰ ਦਾ ਕਿਰਾਇਆ 20 ਰੁਪਏ ਤੋਂ ਵਧਾ ਕੇ 21 ਰੁਪਏ, 5-12 ਕਿਲੋਮੀਟਰ ਦੀ ਯਾਤਰਾ ਦਾ ਕਿਰਾਇਆ 30 ਰੁਪਏ ਤੋਂ ਵਧਾ ਕੇ 32 ਰੁਪਏ, 12-21 ਕਿਲੋਮੀਟਰ ਦੀ ਯਾਤਰਾ ਦਾ ਕਿਰਾਇਆ 40 ਰੁਪਏ ਤੋਂ ਵਧਾ ਕੇ 43 ਰੁਪਏ, 21-32 ਕਿਲੋਮੀਟਰ ਦੀ ਯਾਤਰਾ ਦਾ ਕਿਰਾਇਆ 50 ਰੁਪਏ ਤੋਂ ਵਧਾ ਕੇ 54 ਰੁਪਏ ਅਤੇ 32 ਕਿਲੋਮੀਟਰ ਤੋਂ ਵੱਧ ਦੂਰੀ ਲਈ ਕਿਰਾਇਆ 60 ਰੁਪਏ ਤੋਂ ਵਧਾ ਕੇ 64 ਰੁਪਏ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Himachal Cloudburst : ਹਿਮਾਚਲ ਦੇ ਡਲਹੌਜੀ 'ਚ ਫਟਿਆ ਬੱਦਲ, HRTC ਦੀ ਬੱਸ ਦਾ ਬਚਾਅ, ਕੁੱਲੂ ਤੇ ਮਨਾਲੀ 'ਚ ਸਾਰੇ ਸਕੂਲ ਬੰਦ
- PTC NEWS