DeraBassi News : ਡੇਰਾਬੱਸੀ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ; ਪੁਲਿਸ ਦੀ ਜਵਾਬੀ ਕਾਰਵਾਈ ’ਚ 2 ਬਦਮਾਸ਼ਾਂ ਨੂੰ ਲੱਗੀਆਂ ਗੋਲੀਆਂ
DeraBassi News : ਡੇਰਾਬੱਸੀ-ਅੰਬਾਲਾ ਹਾਈਵੇਅ 'ਤੇ ਪੁਲਿਸ ਅਤੇ ਲਾਰੈਂਸ ਗੈਂਗ ਦੇ ਸ਼ੂਟਰਾਂ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਮੁਕਾਬਲੇ ਵਿੱਚ ਗੈਂਗ ਦੇ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਵਿੱਚ ਦੋ ਸ਼ੂਟਰਾਂ ਨੂੰ ਗੋਲੀ ਲੱਗ ਗਈ।
ਜ਼ਖਮੀ ਦੋਸ਼ੀਆਂ ਨੂੰ ਪੁਲਿਸ ਨੇ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲਿਸ ਨੂੰ ਅੱਜ ਸ਼ੂਟਰਾਂ ਦੇ ਆਉਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਘੇਰਾਬੰਦੀ ਕੀਤੀ। ਇਸ ਵਿੱਚ ਅਪਰਾਧੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਦੋ ਮੁਲਜ਼ਮ ਜ਼ਖਮੀ ਹੋ ਗਏ। ਪੁਲਿਸ ਨੇ ਉਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਹਨ।
ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਐਂਟੀ-ਗੈਂਗਸਟਰ ਟਾਸਕ ਫੋਰਸ ਅਤੇ ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਦੁਪਹਿਰ ਡੇਰਾ ਬੱਸੀ-ਅੰਬਾਲਾ ਹਾਈਵੇਅ 'ਤੇ ਸਟੀਲ ਸਟ੍ਰਿਪਸ ਟਾਵਰ ਦੇ ਨੇੜੇ ਹੋਈ ਗੋਲੀਬਾਰੀ ਤੋਂ ਬਾਅਦ ਵਿਦੇਸ਼-ਅਧਾਰਿਤ ਗੈਂਗਸਟਰ ਗੋਲਡੀ ਢਿੱਲੋਂ (ਲਾਰੈਂਸ ਬਿਸ਼ਨੋਈ ਗੈਂਗ) ਦੇ ਚਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਾਈਵੇਅ ਦੇ ਨਾਲ ਇੱਕ ਘਰ ਵਿੱਚ ਲੁਕੇ ਹੋਏ ਦੋਸ਼ੀਆਂ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ 'ਤੇ ਗੋਲੀਬਾਰੀ ਕੀਤੀ। ਜਵਾਬੀ ਗੋਲੀਬਾਰੀ ਵਿੱਚ, ਗੈਂਗ ਦੇ ਦੋ ਮੈਂਬਰਾਂ ਨੂੰ ਗੋਲੀਆਂ ਲੱਗੀਆਂ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਮੂਹ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ ਅਤੇ ਟ੍ਰਾਈਸਿਟੀ ਅਤੇ ਪਟਿਆਲਾ ਖੇਤਰ ਵਿੱਚ ਟਾਰਗੇਟਡ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ। ਬਰਾਮਦਗੀ: ਸੱਤ .32 ਕੈਲੀਬਰ ਪਿਸਤੌਲ ਅਤੇ 70 ਜ਼ਿੰਦਾ ਕਾਰਤੂਸ। ਪੰਜਾਬ ਪੁਲਿਸ, ਪੰਜਾਬ ਵਿੱਚ ਗੈਂਗਸਟਰ ਨੈੱਟਵਰਕ ਨੂੰ ਖਤਮ ਕਰਨ ਅਤੇ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਫਿਲਹਾਲ ਬਰਾਮਦ ਕੀਤੇ ਗਏ ਹਥਿਆਰਾਂ ਦੀ ਫੋਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਹੋਰ ਅਪਰਾਧੀ ਵੀ ਸ਼ਾਮਲ ਹੋ ਸਕਦੇ ਹਨ। ਪੁਲਿਸ ਗੈਂਗ ਦੇ ਹੋਰ ਸਾਥੀਆਂ ਦੀ ਭਾਲ ਲਈ ਇਲਾਕੇ ਵਿੱਚ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : Sugarcane Price : ਗੰਨੇ ਦੇ ਭਾਅ 'ਚ 15 ਰੁਪਏ ਦਾ ਵਾਧਾ, ਸੀਐਮ ਮਾਨ ਨੇ 416 ਰੁਪਏ ਕੁਇੰਟਲ ਐਲਾਨਿਆ ਭਾਅ
- PTC NEWS