Doctors remove 8,125 gallstones : ਇੱਕ ਬਜ਼ੁਰਗ ਦੇ ਪੇਟ 'ਚੋਂ ਕੱਢੀਆਂ ਗਈਆਂ 8000 ਤੋਂ ਵੱਧ ਪੱਥਰੀਆਂ, 6 ਘੰਟੇ ਤੱਕ ਗਿਣਦੇ ਰਹੇ ਡਾਕਟਰ
Gurugram News : ਦਿੱਲੀ-ਐਨਸੀਆਰ ਵਿੱਚ ਸਰਜਰੀ ਦਾ ਇੱਕ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਇੱਕ 70 ਸਾਲਾ ਬਜ਼ੁਰਗ ਦੇ 60 ਮਿੰਟ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਉਸਦੇ ਪੇਟ ਵਿੱਚੋਂ ਏਨੀਆਂ ਪੱਥਰੀਆਂ ਕੱਢੀਆਂ ਗਈਆਂ ਕਿ ਉਨ੍ਹਾਂ ਨੂੰ ਗਿਣਨ ਵਿੱਚ 6 ਘੰਟੇ ਲੱਗ ਗਏ। ਹਸਪਤਾਲ ਦੇ ਅਨੁਸਾਰ ਇਹ ਸ਼ਾਇਦ ਦਿੱਲੀ-ਐਨਸੀਆਰ ਵਿੱਚ ਸਰਜਰੀ ਰਾਹੀਂ ਕੱਢੀਆਂ ਗਈਆਂ ਪਿੱਤੇ ਦੀਆਂ ਪੱਥਰੀਆਂ ਦੀ ਸਭ ਤੋਂ ਵੱਧ ਗਿਣਤੀ ਹੈ।
ਇੱਕ ਘੰਟੇ ਤੱਕ ਚੱਲੀ ਸਰਜਰੀ ਵਿੱਚ ਇੱਕ 70 ਸਾਲਾ ਬਜ਼ੁਰਗ ਦੇ ਪੇਟ ਵਿੱਚੋਂ 8,125 ਪਿੱਤੇ ਦੀਆਂ ਪੱਥਰੀਆਂ ਕੱਢੀਆਂ ਗਈਆਂ। ਗੁਰੂਗ੍ਰਾਮ ਦੇ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਵਿੱਚ ਕੀਤੀ ਗਈ ਇਹ ਸਰਜਰੀ ਲਗਭਗ 60 ਮਿੰਟ ਚੱਲੀ, ਜਦੋਂ ਕਿ ਪੱਥਰੀਆਂ ਦੀ ਗਿਣਤੀ ਕਰਨ ਵਿੱਚ ਟੀਮ ਨੂੰ ਲਗਭਗ 6 ਘੰਟੇ ਲੱਗੇ।
ਹਸਪਤਾਲ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮਰੀਜ਼ ਕਈ ਸਾਲਾਂ ਤੋਂ ਪੇਟ ਦਰਦ, ਰੁਕ-ਰੁਕ ਕੇ ਬੁਖਾਰ, ਭੁੱਖ ਨਾ ਲੱਗਣਾ ਅਤੇ ਛਾਤੀ ਅਤੇ ਪਿੱਠ ਵਿੱਚ ਭਾਰੀਪਨ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਪਿੱਤੇ ਦੀ ਪੱਥਰੀ ਅਕਸਰ ਕੋਲੈਸਟ੍ਰੋਲ ਅਸੰਤੁਲਨ ਕਾਰਨ ਬਣਦੀ ਹੈ ਅਤੇ ਸਮੇਂ ਦੇ ਨਾਲ ਵਧ ਸਕਦੀ ਹੈ। ਮਰੀਜ਼ ਦੇ ਪਿੱਤੇ ਦੀ ਪੱਥਰੀ ਕੱਢਣ ਲਈ 12 ਮਈ ਨੂੰ ਸਰਜਰੀ ਹੋਈ ਸੀ। ਹਸਪਤਾਲ ਦੇ ਅਨੁਸਾਰ ਇਹ ਦਿੱਲੀ-ਐਨਸੀਆਰ ਵਿੱਚ ਪਿੱਤੇ ਦੀਆਂ ਪੱਥਰੀਆਂ ਕੱਢਣ ਦੀ ਸਭ ਤੋਂ ਵੱਧ ਗਿਣਤੀ ਹੈ।
ਸਰਜੀਕਲ ਕਰਨ ਵਾਲੀ ਟੀਮ 'ਚ ਸ਼ਾਮਿਲ ਗੈਸਟਰੋਇੰਟੇਸਟਾਈਨਲ ਓਨਕੋਲੋਜੀ ਦੇ ਡਾਇਰੈਕਟਰ ਡਾ: ਅਮਿਤ ਜਾਵੇਦ ਨੇ ਕਿਹਾ ਕਿ ਇਹ ਮਾਮਲਾ ਸੱਚਮੁੱਚ ਦੁਰਲੱਭ ਹੈ। ਕਈ ਸਾਲਾਂ ਦੀ ਦੇਰੀ ਕਾਰਨ ਪੱਥਰੀਆਂ ਐਨੀਆਂ ਇਕੱਠੀਆਂ ਹੋ ਗਈਆਂ ਸੀ। ਜੇਕਰ ਇਲਾਜ ਵਿੱਚ ਹੋਰ ਦੇਰੀ ਹੁੰਦੀ ਤਾਂ ਗੰਭੀਰ ਪੇਚੀਦਗੀਆਂ ਪੈਦਾ ਹੋ ਸਕਦੀਆਂ ਸਨ। ਦੋ ਦਿਨਾਂ ਬਾਅਦ ਉਸਨੂੰ ਸਥਿਰ ਹਾਲਤ ਵਿੱਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਡਾਕਟਰ ਨੇ ਕਿਹਾ ਕਿ ਸ਼ੁਰੂ ਵਿੱਚ ਮਰੀਜ਼ ਨੇ ਇਲਾਜ ਤੋਂ ਪ੍ਰਹੇਜ ਕੀਤਾ ਸੀ। ਉਸਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਲਿਆਂਦਾ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਅਲਟਰਾਸਾਊਂਡ ਤੋਂ ਪਤਾ ਲੱਗਾ ਕਿ ਪਿੱਤੇ ਦੀ ਥੈਲੀ ਬਹੁਤ ਸੰਘਣੀ ਹੈ, ਜਿਸ ਕਾਰਨ ਉਸਨੂੰ ਤੁਰੰਤ ਲੈਪਰੋਸਕੋਪਿਕ ਸਰਜਰੀ ਕਰਵਾਉਣੀ ਪਈ। ਅਜਿਹੇ ਮਾਮਲੇ ਜਦੋਂ ਸਿਖਰ ਪੜਾਅ 'ਤੇ ਪਹੁੰਚ ਜਾਂਦੇ ਹਨ ਤਾਂ ਪਿੱਤੇ ਦੀ ਪੱਥਰੀ ਬਣਨ, ਪਿੱਤੇ ਦੀ ਥੈਲੀ ਦੇ ਮੋਟੇ ਹੋਣ , ਫਾਈਬਰੋਸਿਸ ਅਤੇ ਪਿੱਤੇ ਦੇ ਕੈਂਸਰ ਦੇ ਜੋਖਮ ਨੂੰ ਵੀ ਵਧਾ ਸਕਦੇ ਹਨ।
- PTC NEWS