Donald Trump threatens Apple : ਡੋਨਾਲਡ ਟਰੰਪ ਨੇ ਐਪਲ ਨੂੰ ਦਿੱਤੀ ਧਮਕੀ ,ਕਿਹਾ- ਜੇਕਰ ਭਾਰਤ 'ਚ iPhone ਬਣਾਏ ਤਾਂ ਲਗਾਵਾਂਗਾ 25% ਟੈਰਿਫ
Donald Trump threatens Apple : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਇੱਕ ਵਾਰ ਫਿਰ ਐਪਲ ਕੰਪਨੀ ਨੂੰ ਅਮਰੀਕਾ ਤੋਂ ਬਾਹਰ ਆਈਫੋਨ ਬਣਾਉਣ ਨੂੰ ਲੈ ਕੇ ਸਖ਼ਤ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਉਸਨੇ ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਟਿਮ ਕੁੱਕ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਆਈਫੋਨ ਅਮਰੀਕਾ ਵਿੱਚ ਹੀ ਬਣਾਏ ਜਾਣੇ ਚਾਹੀਦੇ ਹਨ। ਟਰੰਪ ਨੇ ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਨਿਰਮਾਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ।
25 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਧਮਕੀ
ਟਰੰਪ ਨੇ ਕਿਹਾ ਕਿ ਜੇਕਰ ਐਪਲ ਅਮਰੀਕਾ ਤੋਂ ਬਾਹਰ ਆਈਫੋਨ ਬਣਾਉਂਦਾ ਹੈ ਤਾਂ ਕੰਪਨੀ ਨੂੰ ਅਮਰੀਕਾ ਵਿੱਚ ਘੱਟੋ-ਘੱਟ 25 ਪ੍ਰਤੀਸ਼ਤ ਟੈਰਿਫ ਦਾ ਭੁਗਤਾਨ ਕਰਨਾ ਪਵੇਗਾ। ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫੈਸਲੇ ਨਾਲ ਅਮਰੀਕਾ ਵਿੱਚ ਨੌਕਰੀਆਂ ਵਧੇਗੀ ਅਤੇ ਘਰੇਲੂ ਉਦਯੋਗ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਉਮੀਦ ਕਰਦਾ ਹੈ ਕਿ ਐਪਲ ਅਮਰੀਕਾ ਵਿੱਚ ਨਿਰਮਾਣ ਕਰੇਗਾ ਨਹੀਂ ਤਾਂ ਕੰਪਨੀ ਨੂੰ ਸਖ਼ਤ ਟੈਕਸਾਂ ਦਾ ਸਾਹਮਣਾ ਕਰਨਾ ਪਵੇਗਾ।
ਟਰੰਪ ਨੇ ਪਹਿਲਾਂ ਵੀ ਕਹੀ ਸੀ ਅਜਿਹੀ ਗੱਲ
ਟਰੰਪ ਨੇ ਹਾਲ ਹੀ ਵਿੱਚ ਕੁੱਕ ਨੂੰ ਭਾਰਤ ਵਿੱਚ ਆਈਫੋਨ ਨਿਰਮਾਣ ਬਾਰੇ ਕਿਹਾ ਸੀ ਕਿ "ਸਾਨੂੰ ਤੁਹਾਡੇ ਭਾਰਤ ਵਿੱਚ ਨਿਰਮਾਣ ਵਿੱਚ ਦਿਲਚਸਪੀ ਨਹੀਂ ਹੈ। ਉਹ ਆਪਣਾ ਖਿਆਲ ਖੁਦ ਰੱਖ ਸਕਦੇ ਹਨ, ਉਹ ਬਹੁਤ ਵਧੀਆ ਕਰ ਰਹੇ ਹਨ।
ਭਾਰਤ ਵਿੱਚ ਆਈਫੋਨ ਨਿਰਮਾਣ ਦਾ ਵਧਦਾ ਪੱਧਰ
ਐਪਲ ਨੇ ਮਾਰਚ 2025 ਨੂੰ ਖਤਮ ਹੋਏ ਵਿੱਤੀ ਸਾਲ ਵਿੱਚ ਭਾਰਤ ਵਿੱਚ ਕਰੀਬ 22 ਅਰਬ ਡਾਲਰ (ਲਗਭਗ 1,900 ਅਰਬ ਰੁਪਏ) ਦੇ ਆਈਫੋਨ ਬਣਾਏ, ਜੋ ਪਿਛਲੇ ਸਾਲ ਨਾਲੋਂ 60 ਪ੍ਰਤੀਸ਼ਤ ਵੱਧ ਹਨ। ਕੰਪਨੀ ਦੀ ਯੋਜਨਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਆਪਣੇ ਕੁੱਲ ਗਲੋਬਲ ਆਈਫੋਨ ਉਤਪਾਦਨ ਦਾ 25 ਪ੍ਰਤੀਸ਼ਤ ਭਾਰਤ ਵਿੱਚ ਹੋਵੇ। ਵਰਤਮਾਨ ਵਿੱਚ ਦੁਨੀਆ ਭਰ ਵਿੱਚ ਵਿਕਣ ਵਾਲੇ ਹਰ 5 ਆਈਫੋਨਾਂ ਵਿੱਚੋਂ 1 ਭਾਰਤ ਵਿੱਚ ਅਸੈਂਬਲ ਕੀਤਾ ਜਾਂਦਾ ਹੈ, ਜੋ ਕਿ ਭਾਰਤ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ।
- PTC NEWS