ਗੁਰਦੁਆਰਾ ਸਾਹਿਬ ਦੀ ਮਾਲਕੀ ਵਾਲੇ ਪਲਾਟਾਂ ਦੇ ਮਾਮਲੇ 'ਚ ਦਿੱਲੀ ਕਮੇਟੀ ਸੰਗਤਾਂ ਨੂੰ ਗੁਮਰਾਹ ਕਰ ਰਹੀ ਹੈ - ਸ਼੍ਰੋਮਣੀ ਕਮੇਟੀ
SGPC : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਮਾਲਕੀ ਵਾਲੇ ਕੁਝ ਪਲਾਟ ਵੇਚਣ ਦੇ ਮਾਮਲੇ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਬੇਲੋੜੀ ਬਿਆਨਬਾਜ਼ੀ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ (Shiromani Committee) ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਵਰਤੋਂ ਵਿਚ ਨਾ ਆ ਰਹੀ ਹੋਣ ਅਤੇ ਲੋਕਾਂ ਵੱਲੋਂ ਕਬਜ਼ੇ ਕਰਨ ਕਰਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ (Sri Darbar Sahib Tarn Taran) ਦੀ ਤੰਗ ਗਲੀਆਂ ਵਿਚ ਛੋਟੇ ਪਲਾਟਾ ਦੇ ਰੂਪ ਵਿਚ ਕੁਝ ਜਗ੍ਹਾ ਨੂੰ ਨਿਯਮਾਂ ਅਨੁਸਾਰ ਜਾਇਦਾਦ ਸਬ-ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਵੇਚਣ ਦਾ ਫੈਸਲਾ ਕੀਤਾ ਸੀ। ਇਸ ਬਾਰੇ ਇਸ਼ਤਿਹਾਰ ਲਗਾ ਕੇ ਕਈ ਵਾਰ ਖੁਲ੍ਹੀ ਬੋਲੀ ਰੱਖੀ ਸੀ, ਜਿਸ ਵਿੱਚ ਸਭ ਤੋਂ ਵੱਧ ਬੋਲੀ ਦੇਣ ਵਾਲੇ ਨੂੰ ਇਹ ਜਗ੍ਹਾ ਵੇਚੀ ਗਈ ਸੀ।
ਉਨ੍ਹਾਂ ਕਿਹਾ ਕਿ ਇਸ ਜਗ੍ਹਾ ਦੀ ਕੀਮਤ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਸੰਗਤਾਂ ਨੂੰ ਲਗਾਤਾਰ ਗੁਮਰਾਹ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਸਕੱਤਰ ਨੇ ਕਿਹਾ ਕਿ 16 ਲੱਖ ਦੀ ਜਗ੍ਹਾ ਨੂੰ 60 ਲੱਖ ਦੀ ਪ੍ਰਚਾਰਨਾਂ ਨਰੋਲ ਸਿਆਸੀ ਬਿਆਨਬਾਜੀ ਹੈ। ਜੇਕਰ ਦਿੱਲੀ ਕਮੇਟੀ ਚਾਹੇ ਤਾਂ 60 ਲੱਖ ਦੀ ਲੈ ਸਕਦੀ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ ਅਤੇ ਅਜਿਹਾ ਕੋਈ ਵੀ ਕਾਰਜ ਨਹੀਂ ਕਰਦੀ, ਜਿਸ ਨਾਲ ਸਿੱਖ ਮਨਾ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਗੁਰਦੁਆਰਾ ਸਾਹਿਬ ਦੀ ਕੋਈ ਜਾਇਦਾਦ ਜੋ ਵਰਤੋਂ ਵਿੱਚ ਨਾ ਆ ਰਹੀ ਹੋਵੇ, ਨੂੰ ਵੇਚਿਆ ਜਾਂਦਾ ਹੈ ਤਾਂ ਉਸ ਪੈਸੇ ਨਾਲ ਗੁਰਦੁਆਰਾ ਸਾਹਿਬ ਦੀ ਹੋਰ ਜਾਇਦਾਦ ਖਰੀਦ ਕਰ ਲਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕਿਹਾ ਕਿ ਭਾਵੇਂ ਸਿੱਖ ਸੰਸਥਾ ਨੇ ਨਿਯਮਾਂ ਅਨੁਸਾਰ ਇਹ ਜਾਇਦਾਦ ਖੁੱਲੀ ਬੋਲੀ ਰਾਹੀਂ ਵੇਚੀ ਸੀ ਪ੍ਰੰਤੂ ਇਸ ਉਤੇ ਬੇਲੋੜੇ ਵਿਵਾਦ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ 'ਤੇ ਇਸ ਬੋਲੀ ਨੂੰ ਰੱਦ ਕਰ ਦਿੱਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਸਕੱਤਰ ਨੇ ਦਿੱਲੀ ਕਮੇਟੀ ਦੇ ਅਹੁਦੇਦਾਰ ਇਸ ਮਾਮਲੇ ਨੂੰ ਸਿਆਸੀ ਤੌਰ 'ਤੇ ਤੂਲ ਨਾ ਦੇਣ। ਆਪਣੀ ਸਿਆਸਤ ਚਮਕਾਉਣ ਲਈ ਸਿੱਖ ਸੰਸਥਾਵਾਂ ਖਿਲਾਫ਼ ਤੱਥਾਂ ਰਹਿਤ ਬਿਆਨਬਾਜੀ ਕਰਨੀ ਜੁੰਮੇਵਾਰ ਅਹੁਦੇ ਤੇ ਬੈਠੇ ਵਿਅਕਤੀਆਂ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਸੰਗਤਾਂ ਨੂੰ ਵੀ ਅਜਿਹੀ ਅਧਾਰਹੀਣ ਤੇ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
- PTC NEWS