ED ਨੇ ਹੁਣ ਮੰਤਰੀ ਕੈਲਾਸ਼ ਗਹਿਲੋਤ ਨੂੰ ਪੁੱਛਗਿੱਛ ਲਈ ਕੀਤਾ ਤਲਬ
Delhi Excise Policy: ਆਮ ਆਦਮੀ ਪਾਰਟੀ ਦੇ ਨੇਤਾ ਕੈਲਾਸ਼ ਗਹਿਲੋਤ ਨੂੰ ਜਾਂਚ ਏਜੰਸੀ ਈ.ਡੀ. ਨੇ ਤਲਬ ਕੀਤਾ ਹੈ। ਉਸ ਤੋਂ ਆਬਕਾਰੀ ਨੀਤੀ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ ਈ.ਡੀ. ਇਸ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਈ.ਡੀ. ਨੇ ਕੈਲਾਸ਼ ਗਹਿਲੋਤ ਨੂੰ ਸੰਮਨ ਭੇਜਿਆ ਹੈ। ਦੱਸ ਦੇਈਏ ਕਿ ਕੈਲਾਸ਼ ਗਹਿਲੋਤ ਦਿੱਲੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਹਨ। ਰਿਪੋਰਟਾਂ ਦੀ ਮੰਨੀਏ ਤਾਂ ਈ.ਡੀ. ਨੇ ਅੱਜ ਗਹਿਲੋਤ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਆਬਕਾਰੀ ਨੀਤੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ.ਡੀ. ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਆਮ ਆਦਮੀ ਪਾਰਟੀ ਉਨ੍ਹਾਂ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੀ ਹੈ ਅਤੇ ਭਾਜਪਾ 'ਤੇ ਹਮਲਾ ਬੋਲ ਰਹੀ ਹੈ।
ਇਸ ਦੌਰਾਨ ‘ਆਪ’ ਆਗੂ 31 ਮਾਰਚ ਨੂੰ ਹੋਣ ਵਾਲੀ ਮੈਗਾ ਰੈਲੀ ਲਈ ਲੋਕਾਂ ਨੂੰ ਸੱਦਾ ਦੇ ਰਹੇ ਹਨ। ਪਾਰਟੀ ਲੋਕਾਂ ਦੇ ਘਰ ਘਰ ਪਹੁੰਚ ਰਹੀ ਹੈ। 'ਆਪ' ਨੇ ਆਪਣੇ ਜੇਲ 'ਚ ਬੰਦ ਨੇਤਾ ਅਰਵਿੰਦ ਕੇਜਰੀਵਾਲ ਦੇ ਸਮਰਥਨ 'ਚ ਸ਼ੁੱਕਰਵਾਰ ਨੂੰ ਮੋਮਬੱਤੀ ਮਾਰਚ ਦੀ ਅਗਵਾਈ ਵੀ ਕੀਤੀ।
-