Punjab News : ਲਗਾਤਾਰ 6ਵੀਂ ਵਾਰ ਮੀਟਿੰਗ ਤੋਂ ਮੁੱਕਰੇ ਸਿੱਖਿਆ ਮੰਤਰੀ ਹਰਜੋਤ ਬੈਂਸ ,ਮੀਟਿੰਗ ਲਈ ਪੰਜਾਬ ਭਵਨ ਪਹੁੰਚੇ ਬੇਰੁਜ਼ਗਾਰ ਅਧਿਆਪਕ ਬੇਰੰਗ ਪਰਤੇ
Punjab News : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਈਟੀਟੀ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਨੂੰ ਮੀਟਿੰਗ ਦੇ ਕੇ ਲਗਾਤਾਰ ਛੇਵੀਂ ਵਾਰ ਮੁਕਰ ਚੁੱਕੇ ਹਨ। 12 ਜੂਨ ਨੂੰ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲੁਧਿਆਣਾ ਵਿਖੇ ਕੀਤੇ ਗਏ ਵਿਸ਼ਾਲ ਰੋਸ ਪ੍ਰਦਰਸ਼ਨ ਮੌਕੇ ਜਿਲਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਯੂਨੀਅਨ ਆਗੂਆਂ ਦੀ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ 17 ਜੂਨ 2025 ਦੀ ਨਿਰਧਾਰਤ ਕਰਵਾਈ ਸੀ।
ਇਸ ਮੀਟਿੰਗ ਦੇ ਤਹਿਤ ਜਿਵੇਂ ਹੀ ਅਧਿਆਪਕ ਆਗੂ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੁੱਜੇ ਤਾਂ ਉਥੋਂ ਦੇ ਅਮਲੇ ਦੁਆਰਾ ਮੀਟਿੰਗ ਲਈ ਕੋਰੀ ਨਾ ਕਰ ਦਿੱਤੀ ਗਈ। ਮੀਟਿੰਗ ਲਈ ਪਹੁੰਚੇ ਈਟੀਟੀ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਅਸ਼ੋਕ ਬਾਵਾ, ਮਨਦੀਪ ਕੁਮਾਰ, ਜਸਵਿੰਦਰ ਸਿੰਘ, ਕਰਨ ਕੰਬੋਜ,ਰਮਨ ਕੁਮਾਰ ਤੇ ਸਰਬਜੀਤ ਪਿੰਡੀ ਸਮੇਤ ਹੋਰਨਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਬੇਰੁਜ਼ਗਾਰ ਅਧਿਆਪਕਾਂ ਨੂੰ ਮੀਟਿੰਗਾਂ ਦੇ ਕੇ ਲਗਾਤਾਰ ਮੁੱਕਰ ਰਹੇ ਹਨ।
ਜਿਸ ਦੇ ਚਲਦਿਆਂ ਮੰਗਲਵਾਰ ਨੂੰ ਤੈਅ ਕੀਤੀ ਗਈ ਮੀਟਿੰਗ ਮੁਤਾਬਿਕ ਜਦੋਂ ਉਹ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੁੱਜੇ ਤਾਂ ਸਿੱਖਿਆ ਮੰਤਰੀ ਦੇ ਅਮਲੇ ਦੁਆਰਾ ਸਿੱਖਿਆ ਮੰਤਰੀ ਕਿਸੇ ਹੋਰ ਕੰਮਾਂ ਵਿੱਚ ਰੁਝੇ ਹੋਣ ਦਾ ਹਵਾਲਾ ਦਿੰਦਿਆਂ ਮੀਟਿੰਗ ਕਰਨ ਤੋਂ ਸਪਸ਼ਟ ਜਵਾਬ ਦੇ ਦਿੱਤਾ ਗਿਆ। ਜਿਸ ਕਾਰਨ ਬੇਰੁਜ਼ਗਾਰ ਅਧਿਆਪਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਿਸ ਤੋਂ ਭੜਕੇ ਬੇਰੁਜ਼ਗਾਰ ਅਧਿਆਪਕਾਂ ਨੇ ਸੂਬੇ ਭਰ ਅੰਦਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਤਹਿਤ ਸੂਬੇ ਭਰ ਦੇ ਵੱਖ-ਵੱਖ ਹਲਕਿਆਂ ਅੰਦਰ ਵਿਸ਼ਾਲ ਰੋਸ ਮੁਜਾਹਰੇ, ਗੁਪਤ ਐਕਸ਼ਨ ਅਤੇ ਪੋਲ ਖੋਲ ਰੈਲੀਆਂ ਕੀਤੀਆਂ ਜਾਣਗੀਆਂ।
- PTC NEWS