Gurdaspur News : ਪਿੰਡ ਭਿੱਟੇਵੱਢ ਵਿਖੇ ਜ਼ਮੀਨ ਅਕਵਾਇਰ ਕਰਨ ਪਹੁੰਚੇ ਪ੍ਰਸ਼ਾਸਨ ਦੀ ਕਿਸਾਨਾਂ ਨਾਲ ਝੜਪ ,ਕਿਸਾਨਾਂ ਦੀਆਂ ਪੱਗਾਂ ਲੱਥੀਆਂ
Gurdaspur News : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਿੱਟੇਵੱਢ ਵਿਖੇ ਜ਼ਮੀਨ ਅਕਵਾਇਰ ਕਰਨ ਪਹੁੰਚੇ ਪ੍ਰਸ਼ਾਸਨ ਦੀ ਕਿਸਾਨਾਂ ਨਾਲ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਬਿਨ੍ਹਾਂ ਪੈਸੇ ਦਿੱਤੇ ਜ਼ਮੀਨ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ , ਜਿਸ ਕਾਰਨ ਉਹਨਾਂ ਵਿਰੋਧ ਕੀਤਾ ਪਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮੌਕੇ 'ਤੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੇ ਆਗੂਆਂ ਨਾਲ ਬਦਸਲੂਕੀ ਕੀਤੀ ਗਈ ਅਤੇ ਪ੍ਰਸ਼ਾਸਨ ਧੱਕੇ ਨਾਲ ਹਾਈਵੇ ਦੇ ਲਈ ਜ਼ਮੀਨ ਅਕਵਾਇਰ ਕਰ ਰਿਹਾ ,ਜਦਕਿ ਉਹਨਾਂ ਨੂੰ ਪੂਰੇ ਪੈਸੇ ਵੀ ਨਹੀਂ ਮਿਲੇ ਹਨ।
ਪਿਛਲੇ ਲੰਮੇ ਸਮੇਂ ਤੋਂ ਭਾਰਤ ਮਾਲਾ ਸੜਕ ਲਈ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਰਮਿਆਨ ਸੰਘਰਸ਼ ਚੱਲ ਰਿਹਾ ਹੈ। ਅਜਿਹਾ ਹੀ ਸੰਘਰਸ਼ ਬਲਾਕ ਕਾਹਨੂੰਵਾਨ ਦੇ ਪਿੰਡ ਭਿੱਟੇ ਵੱਢ ਵਿੱਚ ਵੇਖਣ ਨੂੰ ਮਿਲਿਆ ,ਭਾਰਤ ਮਾਲਾ ਸੜਕ ਦੇ ਕਬਜ਼ੇ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਦਰਮਿਆਨ ਹੋਈਆਂ ਝੜਪਾਂ 'ਚ ਕਿਸਾਨਾਂ ਦੀਆਂ ਪੱਗਾਂ ਉਛਲੀਆਂ ਹਨ। ਕਿਸਾਨਾਂ ਦਾ ਆਰੋਪ ਹੈ ਕਿ ਪੁਲਿਸ ਕਿਸਾਨਾਂ ਨੂੰ ਜਬਰੀ ਚੁੱਕ ਕੇ ਬੱਸਾਂ ਵਿੱਚ ਭਰ ਕੇ ਅਣਦੱਸੀ ਥਾਂ 'ਤੇ ਲੈ ਗਈ।
ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਅਗਵਾਈ ਕਰਦਿਆਂ ਰਸ਼ਪਾਲ ਸਿੰਘ ਭਰਥ ਅਤੇ ਗੁਰਮੁਖ ਸਿੰਘ ਖਾਨ ਮਲਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਜਮੀਨਾਂ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਅਜੇ ਤੱਕ ਐਨਐਚਆਈਏ ਵੱਲੋਂ ਜ਼ਮੀਨਾਂ ਦੇ ਪੈਸੇ ਨਹੀਂ ਦਿੱਤੇ ਗਏ ਪਰ ਜ਼ਿਲ੍ਹਾ ਪ੍ਰਸ਼ਾਸਨ ਐਨਐਚਆਈਏ ਅਤੇ ਪੁਲਿਸ ਉਹਨਾਂ ਦਾ ਕਹਿਣਾ ਨਹੀਂ ਮੰਨ ਰਹੀ ਹੈ।
ਉਹਨਾਂ ਨੇ ਇਸ ਮੌਕੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਅਦਾਇਗੀਆਂ ਹੋ ਚੁੱਕੀਆਂ ਹਨ ,ਉਥੇ ਕਬਜ਼ਾ ਕੀਤਾ ਜਾਵੇ ਪਰ ਜਿੱਥੇ ਅਜੇ ਕਿਸਾਨਾਂ ਦੀਆਂ ਅਦਾਇਗੀਆਂ ਬਾਕੀ ਹਨ ,ਉੱਥੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਲੰਮਾ ਸਮਾਂ ਕਿਸਾਨਾਂ ਅਤੇ ਪੁਲਿਸ ਅਧਿਕਾਰੀਆਂ ਵਿੱਚ ਬਹਿਸ ਹੁੰਦੀ ਰਹੀ। ਅਖੀਰ ਵਿੱਚ ਐਸਪੀ ਰਜਿੰਦਰ ਸ਼ਰਮਾ ਅਤੇ ਡੀਐਸਪੀ ਕੁਲਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਿਸਾਨਾਂ ਨੂੰ ਪ੍ਰਸ਼ਾਸਨ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਦੇ ਦੌਰਾਨ ਮੌਕੇ ਤੋਂ ਖਦੇੜ ਦਿੱਤਾ।
ਇਸ ਦੌਰਾਨ ਕਿਸਾਨਾਂ ਨੂੰ ਖੇਤਾਂ 'ਚੋ ਧੂਹਧੂਹ ਕੇ ਪੁਲਿਸ ਨੇ ਬੱਸਾਂ ਤੱਕ ਲਿਜਾਇਆ। ਪੁਲਿਸ ਦੀ ਇਸ ਖਿੱਚ ਧੂਹ ਚ ਕਈਆਂ ਦੀਆਂ ਪੱਗਾਂ ਵੀ ਉੱਛਲੀਆਂ,ਫਿਰ ਪੁਲਿਸ ਫੋਰਸ ਨੇ ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਬੱਸਾਂ ਵਿੱਚ ਭਰ ਕੇ ਅਣਦੱਸੀ ਥਾਂ ਵੱਲ ਤੌਰ ਦਿੱਤਾ। ਇਸ ਕੜਕ ਦੀ ਧੁੱਪ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਵੀ ਹਾਜ਼ਰ ਸਨ। ਇਸ ਮੌਕੇ 'ਤੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
- PTC NEWS