Punjab News : ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ’ਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਅਮਨ ਅਰੋੜਾ ਖ਼ਿਲਾਫ਼ FIR ਦਰਜ
Punjab News : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਚੀਮਾ ਵਿਰੁੱਧ ਵੀਡੀਓ ਨਾਲ ਛੇੜਛਾੜ ਕਰਨ ਅਤੇ ਇਸਨੂੰ ਚਲਾਉਣ ਦੇ ਆਰੋਪ ਵਿੱਚ ਮਾਮਲਾ ਦਰਜ ਕੀਤਾ ਹੈ। ਬਾਜਵਾ ਨੇ ਕਿਹਾ ਕਿ ਚੰਡੀਗੜ੍ਹ ਸਾਈਬਰ ਸੈੱਲ ਨੇ ਦੋਵਾਂ ਕੈਬਨਿਟ ਮੰਤਰੀਆਂ ਵਿਰੁੱਧ ਧਾਰਾ 336/4 ਭਾਰਤੀ ਨਿਆਂ ਸੰਹਿਤਾ 356 ਅਤੇ ਬੀਐਨਐਸ 61/2 ਤਹਿਤ ਮਾਮਲਾ ਦਰਜ ਕੀਤਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਆਰੋਪ ਲਗਾਇਆ ਸੀ ਕਿ ‘ਆਪ’ ਆਗੂਆਂ ਅਤੇ ਉਨ੍ਹਾਂ ਦੇ “ਕਾਰਕੁਨਾਂ ” ਨੇ ਉਨ੍ਹਾਂ ਦੀ ਵੀਡੀਓ ਨੂੰ ਗਲਤ ਸੰਦਰਭ ਵਿੱਚ ਐਡਿਟ ਕਰਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ, ਜਿਸ ਨਾਲ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ। ਉਨ੍ਹਾਂ ਦੱਸਿਆ ਕਿ ਉਹ ਵਿਰੋਧੀ ਧਿਰ ਦੇ ਆਗੂ ਹੋਣ ਦੇ ਨਾਤੇ ਸੰਵਿਧਾਨਕ ਅਹੁਦੇ ’ਤੇ ਹਨ ਅਤੇ ਪੱਤਰਕਾਰਾਂ ਨੂੰ ਉਨ੍ਹਾਂ ਵਲੋਂ ਦਿੱਤੇ ਗਏ ਬਿਆਨਾਂ ਵਾਲੀ ਵੀਡੀਓ ਵਿਚ ਹੇਰਾ ਫੇਰੀ ਕਰ ਜਾਅਲਸਾਜ਼ੀ ਕੀਤੀ ਗਈ ਹੈ।
ਬਾਜਵਾ ਨੇ ਸ਼ਿਕਾਇਤ 'ਚ ਕੀ ਲਾਇਆ ਇਲਜ਼ਾਮ
ਪ੍ਰਤਾਪ ਸਿੰਘ ਬਾਜਵਾ ਨੇ 7 ਜੁਲਾਈ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਬਾਜਵਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਵਿਧਾਇਕ ਗਨੀਵ ਕੌਰ ਮਜੀਠੀਆ ਦੀ ਸਰਕਾਰੀ ਰਿਹਾਇਸ਼ 'ਤੇ ਵਿਜੀਲੈਂਸ ਵੱਲੋਂ ਮਾਰੇ ਗਏ ਛਾਪੇ ਸਬੰਧੀ ਬਿਆਨ ਦਿੱਤਾ ਸੀ। ਉਕਤ 'ਆਪ' ਆਗੂਆਂ ਨੇ ਗਨੀਵ ਕੌਰ ਦਾ ਨਾਮ ਐਡਿਟ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ ਉਕਤ ਆਗੂਆਂ ਨੇ ਗਨੀਵ ਕੌਰ ਦਾ ਨਾਮ ਐਡਿਟ ਕੀਤਾ ਸੀ ਅਤੇ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਸੀ ਜਿਵੇਂ ਮੈਂ ਮਜੀਠੀਆ ਵਿਰੁੱਧ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਹੋਵੇ।
ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਅਮਨ ਅਰੋੜਾ ਅਤੇ ਹਰਪਾਲ ਚੀਮਾ ਨੇ ਇਸਨੂੰ ਆਪਣੇ ਐਕਸ-ਅਕਾਊਂਟ 'ਤੇ ਪੋਸਟ ਕੀਤਾ ਸੀ। ਜਦੋਂ ਕਿ ਮੇਰੇ ਵੱਲੋਂ 25 ਜੂਨ ਨੂੰ ਬਣਾਈ ਗਈ ਵੀਡੀਓ 3.13 ਮਿੰਟ ਦੀ ਹੈ, ਜੋ ਕਿ ਮੇਰੇ ਐਕਸ-ਅਕਾਊਂਟ 'ਤੇ ਹੈ। ਜਿਸ ਵਿੱਚ ਮੈਂ ਗਨੀਵ ਕੌਰ ਦੀ ਸਰਕਾਰੀ ਰਿਹਾਇਸ਼ 'ਤੇ ਛਾਪੇਮਾਰੀ ਦੇ ਤਰੀਕੇ 'ਤੇ ਸਵਾਲ ਉਠਾਏ ਸਨ। ਇਸ ਲਈ ਉਕਤ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ।
ਬਾਜਵਾ ਨੇ ਇਲਜ਼ਾਮ ਲਗਾਇਆ ਕਿ ਇਹ ਸਭ ਉਨ੍ਹਾਂ ਦੀ ਰਾਜਨੀਤਿਕ ਛਵੀ ਅਤੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਨੂੰ ਇਸ ਤਰੀਕੇ ਨਾਲ ਐਡਿਟ ਅਤੇ ਪ੍ਰਸਾਰਿਤ ਕੀਤਾ ਗਿਆ ਹੈ ਤਾਂ ਜੋ ਜਨਤਾ ਨੂੰ ਗੁੰਮਰਾਹ ਕੀਤਾ ਜਾ ਸਕੇ। ਉਨ੍ਹਾਂ ਵੀਡੀਓ ਦੀ ਅਸਲ ਕਾਪੀ ਅਤੇ ਛੇੜਛਾੜ ਕੀਤੀ ਗਈ ਵੀਡੀਓ ਦੀ ਕਾਪੀ ਸ਼ਿਕਾਇਤ ਦੇ ਨਾਲ ਇੱਕ ਪੈੱਨ ਡਰਾਈਵ ਵਿੱਚ ਨੱਥੀ ਕੀਤੀ ਹੈ। ਚੰਡੀਗੜ੍ਹ ਸਾਈਬਰ ਸੈੱਲ ਨੇ ਬਾਜਵਾ ਦੀ ਸ਼ਿਕਾਇਤ 'ਤੇ ਅਮਨ ਅਰੋੜਾ ਅਤੇ ਹਰਪਾਲ ਚੀਮਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
- PTC NEWS