Firozpur News : ਡੇਢ ਮਰਲਾ ਜ਼ਮੀਨ ਨੂੰ ਲੈ ਕੇ ਚੱਲੀਆਂ ਗੋਲੀਆਂ, ਇੱਕ ਨਾਬਾਲਗ ਦੀ ਮੌਤ ,ਦੋ ਜ਼ਖਮੀ
Firozpur News : ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੱਲਾਵਾਲਾ ਵਿੱਚ ਡੇਢ ਮਰਲਾ ਜ਼ਮੀਨ ਦੇ ਝਗੜੇ ਨੇ ਇੱਕ ਨਾਬਾਲਗ ਦੀ ਜਾਨ ਲੈ ਲਈ ਹੈ। ਇਹ ਘਟਨਾ 16-17 ਜੂਨ ਦੀ ਰਾਤ ਨੂੰ ਵਾਪਰੀ। ਝਗੜੇ ਦੌਰਾਨ ਇੱਕ ਵਿਅਕਤੀ ਨੇ ਫਾਇਰਿੰਗ ਕੀਤੀ। ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਇੱਕ ਨਾਬਾਲਗ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਮੱਲਾਵਾਲਾ ਨੇੜੇ ਪਿੰਡ ਭਾਗੋਕੇ ਵਿੱਚ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਕਰਮਜੀਤ ਸਿੰਘ ਉਰਫ਼ ਗੋਲਡੀ ਅਤੇ ਪ੍ਰਦੀਪ ਸਿੰਘ ਦੇ ਪਰਿਵਾਰਾਂ ਵਿਚਕਾਰ ਝਗੜਾ ਹੋਇਆ ਸੀ। ਝਗੜੇ ਦੌਰਾਨ ਪਰਦੀਪ ਸਿੰਘ ਦੇ ਪਿਤਾ ਅਮਰਜੀਤ ਸਿੰਘ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ 17 ਸਾਲਾ ਕਰਮਜੀਤ ਸਿੰਘ, ਸੰਦੀਪ ਸਿੰਘ (42) ਅਤੇ ਗੁਰਬੀਰ ਸਿੰਘ (30) ਜ਼ਖਮੀ ਹੋ ਗਏ। ਤਿੰਨਾਂ ਨੂੰ ਜ਼ੀਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਡਾਕਟਰਾਂ ਨੇ ਹਸਪਤਾਲ ਵਿੱਚ ਕਰਮਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਸੰਦੀਪ ਸਿੰਘ ਅਤੇ ਗੁਰਬੀਰ ਸਿੰਘ ਦਾ ਇਲਾਜ ਚੱਲ ਰਿਹਾ ਹੈ। ਮੱਲਾਵਾਲਾ ਥਾਣੇ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੋਵਾਂ ਧਿਰਾਂ ਦੇ ਬਿਆਨ ਲੈ ਰਹੀ ਹੈ ਅਤੇ ਕਹਿ ਰਹੀ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
- PTC NEWS