ਨਾਬਾਲਗ ਭੈਣਾਂ ਨਾਲ ਸਮੂਹਿਕ ਜਬਰ ਜ਼ਿਨਾਹ ਅਤੇ ਕਤਲ ਦੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਪੀਟੀਸੀ ਨਿਊਜ਼ ਡੈਸਕ: ਸ਼ੁੱਕਰਵਾਰ ਨੂੰ ਅਦਾਲਤ ਨੇ ਦੋ ਨਾਬਾਲਗ ਭੈਣਾਂ ਨਾਲ ਸਮੂਹਿਕ ਜਬਰ ਜ਼ਿਨਾਹ ਅਤੇ ਉਨ੍ਹਾਂ ਨੂੰ ਕੀਟਨਾਸ਼ਕ ਪਿਲਾ ਕੇ ਕਤਲ ਕਰਨ ਦੇ ਮਾਮਲੇ 'ਚ ਚਾਰ ਆਰੋਪੀਆਂ ਨੂੰ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ।
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਰੂਚੀ ਅਤਰੇਜਾ ਸਿੰਘ ਦੀ (ਫਾਸਟ ਟਰੈਕ) ਅਦਾਲਤ ਨੇ ਕਿਹਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਬੇਰਹਿਮੀ ਭਰੀ ਸੀ। ਇਸ ਵਿੱਚ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਇਹ ਦੁਰਲੱਭ ਸ਼੍ਰੇਣੀ ਦੇ ਅਪਰਾਧਾਂ ਵਿੱਚੋਂ ਸਭ ਤੋਂ ਦੁਰਲੱਭ ਹੈ। ਮੌਤ ਦੀ ਸਜ਼ਾ ਉਨ੍ਹਾਂ ਲਈ ਢੁਕਵੀਂ ਸਜ਼ਾ ਹੈ। ਇਸ ਨਾਲ ਸਮਾਜ ਦਾ ਕੋਈ ਵੀ ਵਿਅਕਤੀ ਅਜਿਹਾ ਘਿਨੌਣਾ ਅਪਰਾਧ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ। ਅਦਾਲਤ ਨੇ ਚਾਰਾਂ 'ਤੇ 30-30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਕਦੋਂ ਵਾਪਰੀ ਸੀ ਘਟਨਾ
ਇਹ ਘਟਨਾ 5 ਅਗਸਤ 2021 ਦੀ ਰਾਤ ਨੂੰ ਵਾਪਰੀ। ਇਨ੍ਹਾਂ ਲੜਕੀਆਂ ਦੀ ਵਿਧਵਾ ਮਾਂ, ਮੂਲ ਰੂਪ ਤੋਂ ਬਿਹਾਰ ਦੀ ਰਹਿਣ ਵਾਲੀ ਹੈ, ਜੋ ਕਿ ਸੋਨੀਪਤ ਦੇ ਕੁੰਡਲੀ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਆਪਣੀਆਂ ਦੋ ਧੀਆਂ ਅਤੇ ਤਿੰਨ ਪੁੱਤਰਾਂ ਨਾਲ ਕਿਰਾਏ 'ਤੇ ਰਹਿ ਰਹੀ ਸੀ।
ਇੱਕੋ ਕੰਪਲੈਕਸ ਵਿੱਚ ਅਲੱਗ-ਅਲੱਗ ਕਮਰਿਆਂ ਵਿੱਚ ਰਹਿ ਰਹੇ ਬਿਹਾਰ ਦੇ ਚਾਰ ਨੌਜਵਾਨਾਂ ਨੇ ਕੁੜੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਘਟਨਾ ਵਾਲੀ ਰਾਤ ਲੜਕੀਆਂ ਆਪਣੀ ਮਾਂ ਨਾਲ ਕਮਰੇ ਵਿੱਚ ਸੌਂ ਰਹੀਆਂ ਸਨ, ਜਦੋਂ ਕਿ ਉਨ੍ਹਾਂ ਦੇ ਭਰਾ ਛੱਤ ’ਤੇ ਸੌਂ ਰਹੇ ਸਨ।
ਰਾਤ ਕਰੀਬ 12 ਵਜੇ ਅਰੁਣ ਪੰਡਿਤ, ਫੂਲਚੰਦ, ਦੁਖਨ ਪੰਡਿਤ ਅਤੇ ਰਾਮਸੁਹਾਗ ਉਸ ਦੇ ਕਮਰੇ ਵਿਚ ਦਾਖਲ ਹੋਏ। ਉਨ੍ਹਾਂ ਨੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਧਮਕਾਇਆ ਅਤੇ ਲੜਕੀਆਂ ਨਾਲ ਜ਼ਬਰਦਸਤੀ ਕੀਤੀ। ਅਰੁਣ ਅਤੇ ਫੂਲਚੰਦ ਨੇ ਵੱਡੀ ਧੀ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਦੁਖਨ ਪੰਡਿਤ ਅਤੇ ਰਾਮਸੁਹਾਗ ਨੇ ਛੋਟੀ ਧੀ ਨਾਲ ਸਮੂਹਿਕ ਬਲਾਤਕਾਰ ਕੀਤਾ। ਜਦੋਂ ਕੁੜੀਆਂ ਨੇ ਵਿਰੋਧ ਕੀਤਾ ਤਾਂ ਦੋਵਾਂ ਨੂੰ ਕਮਰੇ ਵਿੱਚ ਰੱਖੀ ਕੀਟਨਾਸ਼ਕ ਦਵਾਈ ਪਿਲਾ ਦਿੱਤੀ ਗਈ।
ਮੁਲਜ਼ਮਾਂ ਨੇ ਔਰਤ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਪੁੱਤਰਾਂ ਨੂੰ ਮਾਰ ਦੇਣਗੇ। ਡਰ ਦੇ ਮਾਰੇ ਉਹ ਆਪਣੀਆਂ ਬੇਟੀਆਂ ਨੂੰ ਛੱਤ 'ਤੇ ਲੈ ਗਈ। ਸਵੇਰੇ 4 ਵਜੇ ਤੱਕ ਦੋਵੇਂ ਭੈਣਾਂ ਉੱਥੇ ਤੜਫਦੀਆਂ ਰਹੀਆਂ। ਉਨ੍ਹਾਂ ਦੀ ਹਾਲਤ ਵਿਗੜਨ 'ਤੇ ਦੋਵਾਂ ਨੂੰ ਦਿੱਲੀ ਦੇ ਨਰੇਲਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਪੁੱਤਰਾਂ ਨੂੰ ਬਚਾਉਣ ਲਈ ਮਾਂ ਨੂੰ ਕਹਿਣਾ ਪਿਆ ਝੂਠ
ਪੁੱਤਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਕਾਰਨ ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀਆਂ ਧੀਆਂ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ ਹੈ। ਪਰ ਪੋਸਟ ਮਾਰਟਮ ਰਿਪੋਰਟ ਵਿੱਚ ਗੈਂਗਰੇਪ ਅਤੇ ਕੀਟਨਾਸ਼ਕ ਦਵਾਈ ਕਾਰਨ ਮੌਤ ਹੋਣ ਦਾ ਖੁਲਾਸਾ ਹੋਣ ਮਗਰੋਂ ਜਦੋਂ ਤਤਕਾਲੀ ਥਾਣਾ ਇੰਚਾਰਜ ਰਵੀ ਦੀ ਟੀਮ 'ਚ ਸ਼ਾਮਲ ਤਫਤੀਸ਼ੀ ਅਧਿਕਾਰੀ ਊਸ਼ਾ ਮਲਿਕ ਨੇ ਜਦੋਂ ਔਰਤ ਤੋਂ ਪੁੱਛਗਿੱਛ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ।
ਚਾਰੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਪੁਲਿਸ ਨੇ ਇਸ ਕੇਸ ਵਿੱਚ 24 ਗਵਾਹਾਂ ਨੂੰ ਪੇਸ਼ ਕੀਤਾ, ਜਿਨ੍ਹਾਂ ਵਿੱਚ ਲੜਕੀਆਂ ਦੀ ਮਾਂ ਵੀ ਸ਼ਾਮਲ ਸੀ। ਪੁਲਿਸ ਵੱਲੋਂ ਇਕੱਠੇ ਕੀਤੇ ਸਬੂਤ ਅਤੇ ਮੈਡੀਕਲ ਰਿਪੋਰਟਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਸਭ ਤੋਂ ਵੱਧ ਸਹਾਈ ਹੋਈਆਂ।
- PTC NEWS