Baloochistan News : ਪਾਕਿਸਤਾਨ ਦੇ ਬਲੋਚਿਸਤਾਨ 'ਚ ਬੱਸ 'ਤੇ ਵੱਡਾ ਹਮਲਾ, ਪਛਾਣ ਪੁੱਛ ਕੇ 9 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ
Baloochistan News : ਪਾਕਿਸਤਾਨ ਵਿੱਚ ਇੱਕ ਵਾਰ ਫਿਰ ਇੱਕ ਵੱਡਾ ਹਮਲਾ ਹੋਇਆ ਹੈ, ਜਿਸ ਵਿੱਚ ਹਮਲਾਵਰਾਂ ਨੇ 9 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਮੇਂ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਇੱਕ ਬੱਸ ਨੂੰ ਰੋਕਿਆ ਅਤੇ ਯਾਤਰੀਆਂ ਨੂੰ ਉਤਾਰਨ ਤੋਂ ਬਾਅਦ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਬਲੋਚਿਸਤਾਨ ਦੇ ਅਧਿਕਾਰੀ ਇਸਨੂੰ ਅੱਤਵਾਦੀ ਘਟਨਾ ਦੱਸ ਰਹੇ ਹਨ। ਇਸ ਸਾਲ ਮਾਰਚ ਵਿੱਚ ਹੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੁਆਰਾ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਹਾਈਜੈਕ ਕਰ ਲਿਆ ਗਿਆ ਸੀ।
ਖ਼ਬਰਾਂ ਅਨੁਸਾਰ ਬਲੋਚਿਸਤਾਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਵੇਟਾ ਤੋਂ ਲਾਹੌਰ ਜਾ ਰਹੀ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਅਗਵਾ ਕਰਕੇ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਉੱਤਰੀ ਬਲੋਚਿਸਤਾਨ ਦੇ ਨੇੜੇ ਜ਼ੋਬ ਸ਼ਹਿਰ ਵਿੱਚ ਵਾਪਰੀ। ਰਿਪੋਰਟ ਦੇ ਅਨੁਸਾਰ ਹਮਲਾਵਰਾਂ ਨੇ ਬੱਸ ਨੂੰ ਰੋਕਿਆ, ਯਾਤਰੀਆਂ ਨੂੰ ਉਤਾਰਿਆ ਅਤੇ 9 ਲੋਕਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
ਝੋਬ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਨਵੀਦ ਆਲਮ ਨੇ ਕਿਹਾ ਕਿ ਯਾਤਰੀਆਂ ਨੂੰ ਬੱਸ ਤੋਂ ਅਗਵਾ ਕਰਨ ਤੋਂ ਬਾਅਦ ਗੋਲੀ ਮਾਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਬਲੋਚਿਸਤਾਨ ਦੇ ਬਰਖਾਨ ਜ਼ਿਲ੍ਹੇ ਦੇ ਰੇਖਾਨੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੂਬਾਈ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਡ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਇਸਨੂੰ ਅੱਤਵਾਦੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ, 'ਅੱਤਵਾਦੀਆਂ ਨੇ ਯਾਤਰੀਆਂ ਨੂੰ ਬੱਸ ਤੋਂ ਉਤਾਰਿਆ ਅਤੇ ਪਛਾਣ ਕਰਕੇ 9 ਮਾਸੂਮ ਪਾਕਿਸਤਾਨੀਆਂ ਦੀ ਹੱਤਿਆ ਕਰ ਦਿੱਤੀ।'
ਰਿਪੋਰਟ ਦੇ ਅਨੁਸਾਰ ਇੱਕ ਅਧਿਕਾਰੀ ਨੇ ਕਿਹਾ ਕਿ ਹਮਲਾਵਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਏ। ਫਿਲਹਾਲ ਉਨ੍ਹਾਂ ਦੀ ਭਾਲ ਜਾਰੀ ਹੈ।
ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਇਸਨੂੰ 'ਖੁੱਲ੍ਹਾ ਅੱਤਵਾਦ' ਦੱਸਿਆ ਅਤੇ ਇਸਨੂੰ ਫਿਤਨਾ ਏ ਹਿੰਦੁਸਤਾਨ ਨਾਲ ਜੋੜਿਆ। ਬੁਗਤੀ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਜਾਣਬੁੱਝ ਕੇ ਪਾਕਿਸਤਾਨੀ ਪਛਾਣ ਕਾਰਨ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਹੈ ਕਿ ਅੱਤਵਾਦੀਆਂ ਨੇ ਇੱਕ ਵਾਰ ਫਿਰ ਆਪਣਾ ਕਾਇਰਤਾ ਭਰਿਆ ਰਵੱਈਆ ਦਿਖਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਸੂਮਾਂ ਦਾ ਖੂਨ ਵਿਅਰਥ ਨਹੀਂ ਜਾਵੇਗਾ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਦੇਸ਼ ਵਿਰੁੱਧ ਜੰਗ ਹੈ ਅਤੇ ਸਾਡਾ ਜਵਾਬ ਸਖ਼ਤ ਅਤੇ ਫੈਸਲਾਕੁੰਨ ਹੋਵੇਗਾ। ਇਸ ਦੌਰਾਨ ਕੱਟੜਪੰਥੀਆਂ ਨੇ ਕਵੇਟਾ, ਲੋਰਾਲਾਈ ਅਤੇ ਮਸਤੁੰਗ ਵਿੱਚ ਵੀ ਤਿੰਨ ਅੱਤਵਾਦੀ ਹਮਲੇ ਕੀਤੇ ਪਰ ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਡ ਨੇ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਨੇ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਬਲੋਚਿਸਤਾਨ ਮੀਡੀਆ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਕੱਟੜਪੰਥੀਆਂ ਨੇ ਰਾਤ ਨੂੰ ਸੂਬੇ ਵਿੱਚ ਕਈ ਥਾਵਾਂ 'ਤੇ ਹਮਲੇ ਕੀਤੇ ਅਤੇ ਸੁਰੱਖਿਆ ਚੌਕੀਆਂ, ਸਰਕਾਰੀ ਅਦਾਰਿਆਂ, ਪੁਲਿਸ ਸਟੇਸ਼ਨਾਂ, ਬੈਂਕਾਂ ਅਤੇ ਸੰਚਾਰ ਟਾਵਰਾਂ ਨੂੰ ਨਿਸ਼ਾਨਾ ਬਣਾਇਆ।
- PTC NEWS