Rain in Punjab : ਪੰਜਾਬ ਅਤੇ ਚੰਡੀਗੜ੍ਹ 'ਚ ਬਦਲਿਆ ਮੌਸਮ , ਕੁੱਝ ਇਲਾਕਿਆਂ 'ਚ ਮੀਂਹ ਮਗਰੋਂ ਪਏ ਗੜੇ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Rain in Punjab : ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਇਸ ਸਮੇਂ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਕੁਝ ਇਲਾਕਿਆਂ ਵਿੱਚ ਗੜੇ ਵੀ ਪੈ ਰਹੇ ਹਨ। ਦਿਨ ਵਿੱਚ ਹੀ ਹਨੇਰਾ ਹੋ ਗਿਆ ਹੈ। ਬੁੱਧਵਾਰ ਸ਼ਾਮ ਨੂੰ ਹੋਈ ਬਾਰਿਸ਼ ਤੋਂ ਬਾਅਦ ਇੱਕ ਵਾਰ ਫਿਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਚੰਡੀਗੜ੍ਹ ਵਿਚ ਵੀ ਅਜਿਹੇ ਵੀ ਹਾਲਾਤ ਹਨ। ਜਿਸ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਉੱਤਰੀ ਭਾਰਤ ਵਿੱਚ ਲਗਾਤਾਰ ਪੈ ਰਹੀ ਭਿਆਨਕ ਗਰਮੀ ਤੋਂ ਬਾਅਦ ਅੱਜ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਇਲਾਕੇ ਵਿੱਚ ਤਕਰੀਬਨ 4 ਵਜੇ ਮੌਸਮ ਨੇ ਕਰਵਟ ਲਿਆ। ਜਿਸ ਤੋਂ ਬਾਅਦ ਤੇਜ਼ ਹਨੇਰੀ ਆਈ ਅਤੇ ਇੱਕਦਮ ਪੂਰੇ ਅਸਮਾਨ ਵਿੱਚ ਕਾਲੀ ਘਟਾ ਛਾ ਗਈ। ਤਕਰੀਬਨ ਸਾਢੇ ਚਾਰ -ਪੰਜ ਵਜੇ ਤੇਜ਼ ਬਾਰਿਸ਼ ਸ਼ੁਰੂ ਹੋਈ ਅਤੇ ਨੰਗਲ ਦੇ ਇਲਾਕੇ ਵਿੱਚ ਗੜੇਮਾਰੀ ਵੀ ਦੇਖਣ ਨੂੰ ਮਿਲੀ। ਹੁਣ ਖਾਸ ਤੌਰ 'ਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਇਲਾਕੇ ਵਿੱਚ ਬਾਰਿਸ਼ ਪੈਣ ਨਾਲ ਮੌਸਮ ਸੋਹਾਵਣਾ ਹੋਇਆ ਹੈ ਤੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਮੌਸਮ ਵਿਭਾਗ ਵੱਲੋਂ ਚੰਡੀਗੜ੍ਹ ਵਿੱਚ ਸ਼ਾਮ 7.30 ਵਜੇ ਟ੍ਰਾਈਸਿਟੀ ਯਾਨੀ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਖਰੜ, ਚਮਕੌਰ ਸਾਹਿਬ, ਰੂਪਨਗਰ, ਬਲਾਚੌਰ, ਨਵਾਂਸ਼ਹਿਰ, ਸ੍ਰੀ ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਜ਼ੀਰਕਪੁਰ, ਦਸੂਹਾ ਮੁਕੇਰੀਆ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਰਾਜਪੁਰਾ, ਡੇਰਾਬੱਸੀ, ਫਤਹਿਗੜ੍ਹ ਸਾਹਿਬ, ਚਮਕੌਰ ਸਾਹਿਬ, ਸਮਰਾਲਾ, ਰੂਪਨਗਰ, ਫਗਵਾੜਾ, ਜਲੰਧਰ ਵਿੱਚ ਤੇਜ਼ ਹਵਾਵਾਂ ਚੱਲਣਗੀਆਂ।
ਇਸ ਦੇ ਨਾਲ ਹੀ ਅੱਜ (21 ਮਈ) ਨੂੰ ਸੂਬੇ ਦੇ ਪੰਜ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਰਨਾਲਾ, ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਨਾਲ ਮੀਂਹ/ਬਿਜਲੀ ਚਮਕਣ ਦੇ ਨਾਲ ਧੂੜ ਭਰੀ ਹਨੇਰੀ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
25 ਤਰੀਕ ਤੱਕ ਅਜਿਹਾ ਹੀ ਰਹੇਗਾ ਮੌਸਮ
21, 23, 24 ਅਤੇ 25 ਤਰੀਕ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦੋਂ ਕਿ 22 ਤਰੀਕ ਨੂੰ ਮੌਸਮ ਖੁਸ਼ਕ ਰਹੇਗਾ। 26 ਤਰੀਕ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਗਰਜ/ਬਿਜਲੀ ਚਮਕਣ ਦੀ ਸੰਭਾਵਨਾ ਹੈ। ਅਗਲੇ 3 ਦਿਨਾਂ ਦੌਰਾਨ ਦੱਖਣ ਅਤੇ ਦੱਖਣ-ਪੱਛਮ ਵਿੱਚ ਕੁਝ ਥਾਵਾਂ 'ਤੇ ਰਾਤ ਨੂੰ ਗਰਮ ਮੌਸਮ ਰਹਿਣ ਦੀ ਸੰਭਾਵਨਾ ਹੈ।
- PTC NEWS