Hemkund Sahib Yatra 2025 : 25 ਮਈ ਨੂੰ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, 22 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ ਪਹਿਲਾ ਜਥਾ
Hemkund Sahib Yatra 2025 : ਉਤਰਾਖੰਡ ਦੇ ਪ੍ਰਸਿੱਧ ਸਿੱਖ ਤੀਰਥ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਇਸ ਸਾਲ 25 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਕਪਾਟ ਖੋਲ੍ਹਣ ਦੀਆਂ ਤਿਆਰੀਆਂ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਵਾਰ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਹ ਪਵਿੱਤਰ ਯਾਤਰਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲੇ ਜਥੇ ਦੀ ਰਵਾਨਗੀ ਨਾਲ ਸ਼ੁਰੂ ਹੋਵੇਗੀ।
ਜਾਣਕਾਰੀ ਅਨੁਸਾਰ ਹੁਣ ਤੱਕ ਲਗਭਗ 60 ਹਜ਼ਾਰ ਸ਼ਰਧਾਲੂਆਂ ਨੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ। 22 ਮਈ ਨੂੰ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਹੇਮਕੁੰਟ ਸਾਹਿਬ ਲਈ ਪਹਿਲਾ ਜਥਾ ਰਵਾਨਾ ਕੀਤਾ ਜਾਵੇਗਾ। ਜਿਸ ਤੋਂ ਬਾਅਦ ਇਹ ਯਾਤਰਾ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਐੱਸ. ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਕਈ ਮੰਤਰੀ ਮੌਜੂਦ ਰਹਿਣਗੇ।
ਰਸਤਾ ਕੀਤਾ ਜਾ ਰਿਹਾ ਹੈ ਤਿਆਰ
ਯਾਤਰਾ ਤੋਂ ਪਹਿਲਾਂ ਬਰਫ਼ ਸਾਫ਼ ਕਰਨ ਅਤੇ ਰਸਤਾ ਤਿਆਰ ਕਰਨ ਲਈ ਭਾਰਤੀ ਫੌਜ ਦੀ ਟੀਮ ਗੁਰਦੁਆਰਾ ਗੋਵਿੰਦਘਾਟ ਪਹੁੰਚ ਗਈ ਹੈ। ਲਗਾਤਾਰ ਬਰਫ਼ਬਾਰੀ ਦੇ ਬਾਵਜੂਦ ਫੌਜ ਦੇ ਜਵਾਨ ਅਤੇ ਟਰੱਸਟ ਦੇ ਵਲੰਟੀਅਰ ਬਰਫ਼ ਹਟਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਹੇਮਕੁੰਟ ਸਾਹਿਬ ਕੰਪਲੈਕਸ ਤੋਂ ਅਟਲਕੋਟੀ ਪੈਦਲ ਰਸਤੇ ਤੱਕ ਸੜਕ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਦੋ ਦਰਜਨ ਤੋਂ ਵੱਧ ਸੈਨਿਕ ਅਤੇ ਦਰਜਨਾਂ ਵਲੰਟੀਅਰ ਬਰਫ਼ ਕੱਟ ਕੇ ਸ਼ਰਧਾਲੂਆਂ ਲਈ ਸੁਰੱਖਿਅਤ ਰਸਤਾ ਤਿਆਰ ਕਰ ਰਹੇ ਹਨ।
- PTC NEWS