ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਫੇਲ੍ਹ ? ਨਸ਼ਾ ਮੁਕਤੀ ਕੇਂਦਰਾਂ ’ਚ ਮਰੀਜ਼ਾਂ ਦਾ ਵਾਧਾ, ਹੁਣ ਨਸ਼ੇੜੀ ਇਸ ਗੋਲੀ ਦੇ ਹੋਏ ਆਦੀ !
ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲ ਕਰਦੇ ਹੋਏ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਰਿਹਾ ਹੈ ਪਰ ਆਂਕੜੇ ਕੁਝ ਹੋਰ ਬਿਆਨ ਕਰਦੇ ਹਨ ਪੰਜਾਬ ਸਰਕਾਰ ਵੱਲੋਂ ਹੀ ਕਰਵਾਈ ਗਈ ਸਰਵੇਖਣ ਵਿੱਚ ਸਾਫ ਹੋਇਆ ਹੈ ਕਿ ਪਿਛਲੇ ਚਾਰ ਸਾਲ ਦੌਰਾਨ ਬੁਪ੍ਰੇਨੋਰਫ਼ਿਨ ਦੀ ਖਪਤ 57 ਫੀਸਦ ਵਧੀ ਹੈ ਕਿਉਂਕਿ ਵਿਧਾਨ ਸਭਾ ਕਮੇਟੀ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ।
65 ਤੋਂ ਵੱਧ ਨੌਜਵਾਨ ਨਸ਼ੇ ਦੀ ਲਪੇਟ ਵਿੱਚ
ਪੇਸ਼ ਕੀਤੀ ਰਿਪੋਰਟ ਮੁਤਾਬਿਕ ਪੰਜਾਬ ਵਿੱਚ 65 ਤੋਂ ਵੱਧ ਨੌਜਵਾਨ ਨਸ਼ੇ ਦੀ ਲਪੇਟ ਵਿੱਚ ਹਨ ਜਿਸ ਵਿੱਚ 18 ਤੋਂ 35 ਸਾਲ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹਨ ਇਹੋ ਕਾਰਨ ਹੈ ਕਿ ਨਸ਼ਾ ਮੁਕਤੀ ਕੇਂਦਰਾਂ ਅਤੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ’ਤੇ ਵੱਡੇ ਸਵਾਲ ਖੜੇ ਕਰਦੀ ਹੈ।
ਨਾਭਾ ਨਸ਼ਾ ਛੁਡਾਉ ਕੇਂਦਰਾਂ ਦੇ ਹਾਲਾਤ
ਸਿਵਲ ਹਸਪਤਾਲ ਨਾਭਾ ਵਿਖੇ ਵੀ ਕੁਝ ਅਜਿਹੇ ਹੀ ਹਾਲਤ ਹਨ ਜਿੱਥੇ ਨਸ਼ਾ ਛੁਡਾਉਣ ਲਈ ਸਰਕਾਰੀ ਹਸਪਤਾਲ ਵਿੱਚ ਮਿਲਣ ਵਾਲੀ ਦਵਾਈ ਲਈ ਸਵੇਰੇ 8 ਵਜੇ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਹਾਲਾਤ ਇਹ ਹਨ ਕਿ ਦਵਾਈ ਲੈਣ ਲਈ ਇੱਕ ਦੂਜੇ ਨਾਲ ਨਸ਼ਾ ਪੀੜਤ ਲੋਕ ਲੜਦੇ ਨਜ਼ਰ ਵੀ ਵੇਖੇ ਜਾਂਦੇ ਹਨ।
ਮਰੀਜ ਪ੍ਰਾਈਵੇਟ ਹਸਪਤਾਲ ਤੋਂ 200 ਰੁਪਏ ਪ੍ਰਤੀ ਪਰਚੀ ਕਟਵਾਉਣ ਨੂੰ ਮਜ਼ਬੂਰ
ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਹਸਪਤਾਲ ਵਿੱਚ ਨਸ਼ਾ ਛੁਡਾਉਣ ਲਈ ਸਰਕਾਰੀ ਡਾਕਟਰ ਦੀ ਬਜਾਏ ਮਜਬੂਰੀ ਵਿੱਚ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲ ਤੋਂ 200 ਰੁਪਏ ਪ੍ਰਤੀ ਪਰਚੀ ਕਟਵਾ ਕੇ ਆਪਣੀ ਦਵਾਈ ਲਿਖਵਾਉਣੀ ਪੈਂਦੀ ਹੈ ਜਿਹੜੀ ਦਵਾਈ ਹਸਪਤਾਲ ਵਿੱਚ ਮਿਲਦੀ ਹੈ। ਹੁਣ ਹਾਲਾਤ ਇਹ ਹਾਲਾਤ ਬਣ ਗਏ ਹਨ ਕਿ ਇਹ ਨਸ਼ੇ ਦੀ ਪੂਰਤੀ ਦਾ ਇੱਕ ਸਾਧਨ ਬਣ ਗਈ ਹੈ ਜੋ ਦਿਨੋ ਦਿਨ ਵੱਧਦੀ ਜਾ ਰਹੀ ਹੈ।
ਗੋਲੀ ਦੀ ਵਧੀ ਖੁਰਾਕ- ਮਰੀਜ
ਨਾਭਾ ਵਿਖੇ ਮਰੀਜ਼ਾਂ ਦਾ ਕਹਿਣਾ ਹੈ ਕਿ ਜਿੱਥੇ ਉਹ ਪਹਿਲਾਂ ਤਿੰਨ ਗੋਲੀਆਂ ਨਾਲ ਆਪਣਾ ਦਿਨ ਲੰਘਾਉਂਦੇ ਸਨ ਹੁਣ ਉਹਨਾਂ ਦੀ ਖੁਰਾਕ ਪੰਜ ਤੋਂ ਛੇ ਗੋਲੀਆਂ ਤੱਕ ਪਹੁੰਚ ਚੁੱਕੀ ਹੈ ਜੋ ਸਿੱਧੇ ਤੌਰ ’ਤੇ ਸਰਕਾਰ ਦੀ ਪਾਲਿਸੀ ’ਤੇ ਵੱਡੇ ਸਵਾਲ ਖੜੇ ਕਰਦੀ ਹੈ।
ਪੰਜਾਬ ’ਚ ਕਾਫੀ ਖਰਾਬ ਹੋ ਚੁੱਕੇ ਹਨ ਹਾਲਾਤ- ਮਰੀਜ
ਪੀਟੀਸੀ ਨਿਊਜ਼ ਨਾਲ ਗੱਲ ਕਰਦੇ ਹੋਏ ਪੀੜਤ ਮਰੀਜ਼ਾਂ ਅਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਹਾਲਾਤ ਪੰਜਾਬ ਵਿੱਚ ਕਾਫੀ ਖਰਾਬ ਹੋ ਚੁੱਕੇ ਹਨ। ਸਰਕਾਰੀ ਹਸਪਤਾਲ ਮਿਲਣ ਵਾਲੀ ਦਵਾਈ ਨਸ਼ਾ ਛੁਡਾਉਣ ਲਈ ਨਹੀਂ ਬਲਕਿ ਨਸ਼ਾ ਕਰਨ ਲਈ ਵਰਤੀ ਜਾ ਰਹੀ ਹੈ ਜਿਸ ਦੇ ਇਲਾਜ ਲਈ ਸਰਕਾਰ ਨੂੰ ਨਵੀਂ ਨੀਤੀ ਬਣਾਉਣੀ ਚਾਹੀਦੀ ਹੈ।
ਮਰੀਜ਼ਾਂ ’ਤੇ ਪੈ ਰਿਹਾ ਆਰਥਿਕ ਬੋਝ
ਉਨ੍ਹਾਂ ਕਿਹਾ ਕਿ ਨਾਭਾ ਵਿਖੇ ਸਰਕਾਰੀ ਡਾਕਟਰ ਨਾ ਹੋਣ ਕਰਕੇ ਉਹਨਾਂ ਨੂੰ ਮਜਬੂਰੀ ਵਿੱਚ ਪ੍ਰਾਈਵੇਟ ਹਸਪਤਾਲ ਤੋਂ 200 ਰੁਪਏ ਦੀ ਪਰਚੀ ਕਟਵਾਉਣੀ ਪੈਂਦੀ ਹੈ ਜੋ ਕਿ ਉਹਨਾਂ ਲਈ ਆਰਥਿਕ ਤੌਰ ’ਤੇ ਬੋਝ ਹੈ ਇਥੋਂ ਤੱਕ ਕਿ ਪ੍ਰਾਈਵੇਟ ਡਾਕਟਰ ਤੋਂ ਪਰਚੀ ਲਿਖਵਾਉਣ ਕਰਕੇ ਉਹਨਾਂ ਨੂੰ ਮੁੱਲ ਦੀ 60 ਰੁਪਏ ਪ੍ਰਤੀ ਪੱਤਾ ਦਵਾਈ ਵੀ ਮੁੱਲ ਲੈਣੀ ਪੈਂਦੀ ਹੈ ਇਸ ਲਈ ਸਰਕਾਰ ਨੂੰ ਸਰਕਾਰੀ ਹਸਪਤਾਲ ਵਿੱਚ ਹੀ ਇਹਨਾਂ ਮਰੀਜ਼ਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ।
ਸਿਵਲ ਹਸਪਤਾਲ ਨਾਭਾ ਵਿਖੇ ਕਰੀਬ 200 ਦੇ ਕਰੀਬ ਮਰੀਜ਼ ਰੋਜ਼ਾਨਾ ਇਸੇ ਤਰ੍ਹਾਂ ਲਾਈਨਾਂ ਵਿੱਚ ਖੜਾ ਹੋ ਕੇ ਆਪਣੀ ਨਸ਼ੇ ਦੀ ਦਵਾਈ ਲੈਣ ਲਈ ਮਜਬੂਰ ਹੈ ਪਰ ਸਰਕਾਰ ਇਹਨਾਂ ਪੀੜਤ ਲੋਕਾਂ ਨੂੰ ਨਸ਼ੇ ਤੋਂ ਬਚਾਉਣ ਲਈ ਕੋਈ ਨਵੀਂ ਨੀਤੀ ਨਹੀਂ ਲੈ ਕੇ ਆ ਰਹੀ ਜਿਸ ਦਾ ਖਮਿਆਜਾ ਇਹ ਲੋਕ ਭੁਗਤ ਰਹੇ ਹਨ।
ਸਿਹਤ ਲਈ ਹਾਨੀਕਾਰਕ ਵੀ ਹੈ ਗੋਲੀ- ਮਰੀਜ਼
ਪੀਟੀਸੀ ਨਿਊਜ਼ ਨਾਲ ਗੱਲ ਕਰਦੇ ਹੋਏ ਕੁਝ ਬਜ਼ੁਰਗ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਫੀਮ ਅਤੇ ਭੁੱਕੀ ਦਾ ਸੇਵਨ ਕਰਦੇ ਸਨ ਪਰ ਜਦੋਂ ਉਹ ਨਾ ਮਿਲੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਨਸ਼ੇ ਤੇ ਮਜਬੂਰ ਹੋਣਾ ਪੈ ਰਿਹਾ ਹੈ ਜੋ ਉਹਨਾਂ ਲਈ ਸਿਹਤ ਲਈ ਹਾਨੀਕਾਰਕ ਵੀ ਹੈ ਮਰੀਜ਼ਾਂ ਦਾ ਇਹ ਵੀ ਕਹਿਣਾ ਹੈ ਕਿ ਨੌਜਵਾਨਾਂ ਲਈ ਸਰਕਾਰੀ ਹਸਪਤਾਲ ਚੋਂ ਮਿਲਣ ਵਾਲੀ ਦਵਾਈ ਨਾਲ ਨਪੁੰਸਕ ਬਣਾ ਸਕਦੀ ਹੈ ਜਿਸਦਾ ਆਉਣ ਵਾਲੀ ਪੀੜੀ ’ਤੇ ਵੀ ਅਸਰ ਪਵੇਗਾ।
'ਕੌਂਸਲਿੰਗ ਰਾਹੀ ਮਰੀਜ਼ਾਂ ਨੂੰ ਇਸ ਦਵਾਈ ਨੂੰ ਘਟਾਉਣ ਲਈ ਪ੍ਰੇਰਿਤ ਕੀਤਾ ਜਾਂਦਾ'
ਇਸ ਮਾਮਲੇ ਤੇ ਜਦੋਂ ਸਿਵਲ ਹਸਪਤਾਲ ਨਾਭਾ ਵਿਖੇ ਨਵੇਂ ਤੈਨਾਤ ਕੀਤੇ ਗਏ ਡਾਕਟਰ ਡਾ. ਖੁਸ਼ਵਿੰਦਰ — ਪੈਨਲ ਵਿੱਚ ਸ਼ਾਮਲ ਮਨੋਚਿਕਿਤਸਕ (ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ) ਨੇ ਪੀਟੀਸੀ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਇੱਕ ਮਹੀਨੇ ਤੋਂ ਨਾਭਾ ਦੇ ਹਸਪਤਾਲ ਵਿੱਚ ਤੈਨਾਤ ਹਨ ਤੇ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਨ ਕਿ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਮਿਲਣ ਵਾਲੀ ਦਵਾਈ ਨੂੰ ਘਟਾਇਆ ਜਾ ਸਕੇ ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਕੌਂਸਲਿੰਗ ਰਾਹੀ ਮਰੀਜ਼ਾਂ ਨੂੰ ਇਸ ਦਵਾਈ ਨੂੰ ਘਟਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਬੁਪ੍ਰੇਨੋਰਫ਼ਿਨ ਦੀ ਮਾਤਰਾ ਵਧਣ ਦਾ ਕਾਰਨ ਨਵੀਂ ਮਰੀਜ਼ਾਂ ਦਾ ਇਸ ਵਿੱਚ ਸ਼ਾਮਿਲ ਹੋਣਾ ਹੈ।
ਇਹ ਵੀ ਪੜ੍ਹੋ : Ludhiana ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ ; ਕਾਰ ਸਵਾਰ ਬਦਮਾਸ਼ਾਂ ਨੇ ਕੀਤੀ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ
- PTC NEWS