Ludhiana Bus Stand : ਲੁਧਿਆਣਾ ਬੱਸ ਸਟੈਂਡ 'ਚ ਲੱਗੀ ਭਿਆਨਕ ਅੱਗ, ਗੋਦਾਮ ਤੋਂ ਭੜਕੀਆਂ ਲਪਟਾਂ, ਕਈ ਕਿਲੋਮੀਟਰ ਤੱਕ ਵਿਖਾਈ ਦਿੱਤਾ ਧੂੰਆਂ
Ludhiana Bus Stand : ਲੁਧਿਆਣਾ ਦੇ ਬੱਸ ਸਟੈਂਡ ਦੇ ਅੰਦਰ ਬੱਸਾਂ ਦੀ ਮੁਰੰਮਤ ਕਰਨ ਵਾਲੀ ਵਰਕਸ਼ਾਪ ਵਿੱਚ ਪੁਰਾਣੇ ਟਾਇਰਾਂ ਦੇ ਇੱਕ ਵੱਡੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 5 ਤੋਂ 10 ਗੱਡੀਆਂ ਮੌਕੇ 'ਤੇ ਪਹੁੰਚੀਆਂ।
ਕਈ ਕਿਲੋਮੀਟਰ ਵਿਖਾਈ ਦਿੱਤਾ ਕਾਲਾ ਧੂੰਆਂ
ਫਿਲਹਾਲ, ਅੱਗ 'ਤੇ ਕਾਬੂ ਪਾਉਣ ਲਈ ਯਤਨ ਜਾਰੀ ਹਨ। ਅੱਗ ਲੱਗਣ ਦੇ ਕਾਰਨਾਂ ਅਤੇ ਹੋਏ ਨੁਕਸਾਨ ਸਬੰਧੀ ਪੂਰੀ ਜਾਣਕਾਰੀ ਸਵੇਰੇ ਸਾਹਮਣੇ ਆਵੇਗੀ। ਸੜੇ ਹੋਏ ਟਾਇਰਾਂ ਕਾਰਨ ਲੱਗੀ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਅਸਮਾਨ ਵਿੱਚ ਕਾਲੇ ਧੂੰਏਂ ਅਤੇ ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਦੇ ਰਹੀਆਂ ਸਨ।
ਜਾਨੀ ਨੁਕਸਾਨ ਤੋਂ ਬਚਾਅ
ਮੌਕੇ 'ਤੇ ਮੌਜੂਦ ਅਧਿਕਾਰੀਆਂ ਮੁਤਾਬਕ, ਅੱਗ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਰਾਹਤ ਦੀ ਗੱਲ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ। ਬੱਸ ਸਟੈਂਡ ਦੇ ਅੰਦਰ ਹੀ ਸਰਕਾਰੀ ਪੈਟਰੋਲ ਪੰਪ ਵੀ ਮੌਜੂਦ ਹੈ, ਪਰ ਅੱਗ ਉਸ ਤੋਂ ਕਾਫੀ ਦੂਰੀ 'ਤੇ ਲੱਗੀ ਹੋਈ ਹੈ।
2 ਘੰਟੇ 'ਚ ਅੱਗ 'ਤੇ ਪਾਇਆ ਗਿਆ ਕਾਬੂ
ਇੱਕ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਅੱਗ ਦੇਰ ਰਾਤ ਲੱਗੀ। ਵਰਕਸ਼ਾਪ ਦੇ ਅੰਦਰ ਵੱਡੀ ਮਾਤਰਾ ਵਿੱਚ ਟਾਇਰ ਸਟੋਰ ਕੀਤੇ ਗਏ ਸਨ, ਜਿਸ ਕਾਰਨ ਰਬੜ ਤੇਜ਼ੀ ਨਾਲ ਅੱਗ ਫੜ ਗਿਆ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਅੱਗ ਬੁਝਾਉਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਿਤੀ ਨੂੰ ਦੇਖਦੇ ਹੋਏ, ਸ਼ਹਿਰ ਦੇ ਸਾਰੇ ਫਾਇਰ ਸਟੇਸ਼ਨਾਂ ਤੋਂ ਗੱਡੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ। 2 ਘੰਟੇ ਦੀ ਲਗਾਤਾਰ ਮਿਹਨਤ ਤੋਂ ਬਾਅਦ ਅੱਗ 'ਤੇ ਲਗਭਗ 8 ਫਾਇਰ ਬ੍ਰਿਗੇਡ ਗੱਡੀਆਂ ਨੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ।
ਦੱਸ ਦਈਏ ਕਿ ਇਹ ਬੱਸ ਸਟੈਂਡ ਦੀ ਮੁੱਖ ਵਰਕਸ਼ਾਪ ਹੈ, ਜਿੱਥੇ ਸਰਕਾਰੀ ਬੱਸਾਂ ਦੀ ਮੁਰੰਮਤ ਕੀਤੀ ਜਾਂਦੀ ਹੈ। ਇਸ ਹਾਦਸੇ ਵਿੱਚ ਸਰਕਾਰੀ ਜਾਇਦਾਦ ਨੂੰ ਹੋਏ ਵਿੱਤੀ ਨੁਕਸਾਨ ਬਾਰੇ ਇੱਕ ਪੂਰੀ ਅਤੇ ਸਪੱਸ਼ਟ ਰਿਪੋਰਟ ਅੱਜ ਸਵੇਰੇ ਵਿਭਾਗੀ ਜਾਂਚ ਤੋਂ ਬਾਅਦ ਹੀ ਉਪਲਬਧ ਹੋਵੇਗੀ।
ਇਹ ਵੀ ਪੜ੍ਹੋ... ਇਲੈਕਟ੍ਰਿਕ ਕਾਰਾਂ ਤੋਂ ਬਾਅਦ ਹੁਣ ਬੈਟਰੀ ਨਾਲ ਚੱਲਣ ਵਾਲਾ ਜਹਾਜ਼ ਤਿਆਰ!
- PTC NEWS