Israel Iran War : ਇਜ਼ਰਾਈਲੀ ਹਮਲੇ ਵਿੱਚ ਇੱਕ ਹੋਰ ਪ੍ਰਮਾਣੂ ਵਿਗਿਆਨੀ ਦੀ ਮੌਤ, ਈਰਾਨ ਨੇ ਕਿਹਾ - ਅਜਿਹੇ ਮਾਹੌਲ 'ਚ ਗੱਲਬਾਤ ਸੰਭਵ ਨਹੀਂ
Israel Iran War : ਇਰਾਨ ਅਤੇ ਇਜ਼ਰਾਈਲ ਆਹਮੋ-ਸਾਹਮਣੇ ਹਨ। ਦੋਵੇਂ ਦੇਸ਼ ਇੱਕ ਦੂਜੇ 'ਤੇ ਬੰਬ ਅਤੇ ਮਿਜ਼ਾਈਲਾਂ ਬਰਸਾ ਰਹੇ ਹਨ। ਇਸ ਦੌਰਾਨ ਅੱਜ ਸਵੇਰੇ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਗੀਸ਼ਾ ਖੇਤਰ ਵਿੱਚ ਇੱਕ ਵੱਡੇ ਧਮਾਕੇ ਵਿੱਚ ਇੱਕ ਪ੍ਰਮਾਣੂ ਵਿਗਿਆਨੀ ਦੀ ਮੌਤ ਹੋ ਗਈ। ਖ਼ਬਰਾਂ ਅਨੁਸਾਰ ਇੱਕ ਇਜ਼ਰਾਈਲੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਇਜ਼ਰਾਈਲੀ ਫੌਜ ਆਈਡੀਐਫ (ਇਜ਼ਰਾਈਲ ਡਿਫੈਂਸ ਫੋਰਸਿਜ਼) ਦੁਆਰਾ ਕੀਤਾ ਗਿਆ ਸੀ।
ਇਜ਼ਰਾਈਲੀ ਅਧਿਕਾਰੀ ਦੇ ਅਨੁਸਾਰ ਇਸ ਧਮਾਕੇ ਦਾ ਉਦੇਸ਼ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੇ ਇੱਕ ਵੱਡੇ ਵਿਗਿਆਨੀ ਨੂੰ ਨਿਸ਼ਾਨਾ ਬਣਾਉਣਾ ਸੀ ਅਤੇ ਸ਼ੁਰੂਆਤੀ ਜਾਣਕਾਰੀ ਅਨੁਸਾਰ ਉਹ ਵਿਗਿਆਨੀ ਇਸ ਹਮਲੇ ਵਿੱਚ ਮਾਰਿਆ ਗਿਆ ਹੈ। ਹਾਲਾਂਕਿ ਈਰਾਨੀ ਸਰਕਾਰ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਇਸ ਘਟਨਾ ਨੇ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਹੀ ਤਣਾਅਪੂਰਨ ਮਾਹੌਲ ਨੂੰ ਹੋਰ ਵਧਾ ਦਿੱਤਾ ਹੈ।
ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਇਜ਼ਰਾਈਲੀ ਹਮਲਿਆਂ ਬਾਰੇ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਦਾ ਇੱਕੋ ਇੱਕ ਰਸਤਾ ਇਜ਼ਰਾਈਲੀ ਹਮਲਿਆਂ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰੋਕਣਾ ਹੈ। ਪੇਜ਼ੇਸ਼ਕੀਅਨ ਨੇ ਸਪੱਸ਼ਟ ਕੀਤਾ ਕਿ ਜੇਕਰ ਇਜ਼ਰਾਈਲ ਵੱਲੋਂ ਹਮਲੇ ਜਾਰੀ ਰਹੇ ਤਾਂ ਈਰਾਨ ਹੋਰ ਵੀ ਸਖ਼ਤ ਜਵਾਬ ਦੇਣ ਲਈ ਮਜਬੂਰ ਹੋਵੇਗਾ। ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਿੰਨਾ ਚਿਰ ਇਜ਼ਰਾਈਲ ਦੇ ਹਮਲੇ ਜਾਰੀ ਰਹਿਣਗੇ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਨਾਲ ਇਸ ਮੁੱਦੇ 'ਤੇ ਕੋਈ ਗੱਲਬਾਤ ਨਹੀਂ ਹੋਵੇਗੀ।
ਅੱਬਾਸ ਅਰਾਘਚੀ ਨੇ ਕਿਹਾ ਕਿ ਅਸੀਂ ਮੌਜੂਦਾ ਹਾਲਾਤਾਂ ਵਿੱਚ ਕਿਸੇ ਨਾਲ, ਖਾਸ ਕਰਕੇ ਅਮਰੀਕਾ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਸਗੋਂ ਅਮਰੀਕਾ ਸਾਡੇ ਨਾਲ ਸੰਪਰਕ ਕਰ ਰਿਹਾ ਹੈ। ਅਮਰੀਕਾ ਨੇ ਕਈ ਵਾਰ ਅਤੇ ਗੰਭੀਰ ਪੱਧਰ 'ਤੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ ਪਰ ਅਸੀਂ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜਿੰਨਾ ਚਿਰ ਜ਼ਾਇਓਨਿਸਟ ਸ਼ਾਸਨ (ਇਜ਼ਰਾਈਲ) ਦੇ ਹਮਲੇ ਜਾਰੀ ਰਹਿਣਗੇ, ਗੱਲਬਾਤ ਜਾਂ ਕੂਟਨੀਤੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
'ਈਰਾਨ ਨੂੰ ਆਪਣਾ ਬਚਾਅ ਕਰਨ ਦਾ ਪੂਰਾ ਅਧਿਕਾਰ ਹੈ'
ਅਰਾਘਚੀ ਨੇ ਕਿਹਾ ਕਿ ਈਰਾਨ ਇਸ ਸਮੇਂ ਸਵੈ-ਰੱਖਿਆ ਦੀ ਸਥਿਤੀ ਵਿੱਚ ਹੈ ਅਤੇ ਆਪਣਾ ਬਚਾਅ ਕਰਨਾ ਉਸਦਾ ਅਧਿਕਾਰ ਹੈ। ਈਰਾਨ ਦੇ ਮਿਜ਼ਾਈਲ ਹਮਲਿਆਂ ਦਾ ਹਵਾਲਾ ਦਿੰਦੇ ਹੋਏ ਅਰਾਘਚੀ ਨੇ ਕਿਹਾ ਕਿ ਸਾਡੇ ਮਿਜ਼ਾਈਲ ਹਮਲੇ ਸਿਰਫ ਫੌਜੀ ਟੀਚਿਆਂ 'ਤੇ ਕੇਂਦ੍ਰਿਤ ਹਨ, ਨਾਗਰਿਕਾਂ ਜਾਂ ਹਸਪਤਾਲਾਂ ਵਰਗੀਆਂ ਥਾਵਾਂ 'ਤੇ ਨਹੀਂ। ਜੇਕਰ ਇਜ਼ਰਾਈਲ ਸਾਡੇ ਆਰਥਿਕ ਟੀਚਿਆਂ 'ਤੇ ਹਮਲਾ ਕਰਦਾ ਹੈ ਤਾਂ ਅਸੀਂ ਉਨ੍ਹਾਂ ਦੇ ਆਰਥਿਕ ਸੰਸਥਾਨਾਂ ਨੂੰ ਵੀ ਨਿਸ਼ਾਨਾ ਬਣਾਵਾਂਗੇ।
- PTC NEWS