Jagannath Rath Yatra : ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਮਚੀ ਭਗਦੜ, 3 ਸ਼ਰਧਾਲੂਆਂ ਦੀ ਮੌਤ
Jagannath Rath Yatra : ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਗੁੰਡੀਚਾ ਮੰਦਰ ਨੇੜੇ ਭਾਰੀ ਭੀੜ ਕਾਰਨ ਭਗਦੜ ਮਚੀ, ਜਿਸ ਵਿੱਚ 3 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਇਹ ਦੁਖਦਾਈ ਘਟਨਾ ਉਸ ਸਮੇਂ ਵਾਪਰੀ ਜਦੋਂ ਭਗਵਾਨ ਜਗਨਨਾਥ ਦੇ ਰੱਥ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਸ਼ਰਧਾਲੂ ਵੱਡੀ ਗਿਣਤੀ ਵਿੱਚ ਦਰਸ਼ਨ ਕਰਨ ਲਈ ਇਕੱਠੇ ਹੋਏ ਸਨ।
ਮ੍ਰਿਤਕਾਂ ਦੀ ਪਛਾਣ ਪ੍ਰਭਾਤੀ ਦਾਸ ਪ੍ਰੇਮਕਾਂਤ ਮੋਹੰਤੀ ਅਤੇ ਬਸੰਤੀ ਸਾਹੂ (ਦੋ ਔਰਤਾਂ) ਵਜੋਂ ਹੋਈ। ਸਾਰੇ ਮ੍ਰਿਤਕ ਖੁਰਦਾ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀ ਸ਼ਰਧਾਲੂਆਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ, ਹਾਲਾਂਕਿ ਰਾਹਤ ਕਾਰਜ ਜਾਰੀ ਹਨ। ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਹੈ। ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਕਿਵੇਂ ਹੋਈ ਰੱਥ ਯਾਤਰਾ ਵਿੱਚ ਭਗਦੜ ?
ਪੁਲਿਸ ਦੇ ਅਨੁਸਾਰ ਮ੍ਰਿਤਕਾਂ ਦੀ ਪਛਾਣ ਬਸੰਤੀ ਸਾਹੂ, ਵਾਸੀ ਖੋਰਦਾ ਜ਼ਿਲ੍ਹੇ ਦੇ ਬੋਲਾਗੜ੍ਹ, ਪ੍ਰੇਮਕਾਂਤ ਮੋਹੰਤੀ ਅਤੇ ਪ੍ਰਭਾਤੀ ਦਾਸ ਵਾਸੀ ਅਥਨਤਾਰਾ ਪਿੰਡ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਭਗਵਾਨ ਜਗਨਨਾਥ ਦਾ ਰੱਥ ਸਵੇਰੇ 4 ਤੋਂ 5 ਵਜੇ ਦੇ ਵਿਚਕਾਰ ਗੁੰਡੀਚਾ ਮੰਦਰ ਪਹੁੰਚਿਆ। ਇਸ ਦੌਰਾਨ ਭਗਵਾਨ ਜਗਨਨਾਥ ਦੀ ਇੱਕ ਝਲਕ ਪਾਉਣ ਲਈ ਭਾਰੀ ਭੀੜ ਇਕੱਠੀ ਹੋ ਗਈ। ਇਸ ਕਾਰਨ ਭੀੜ ਨੂੰ ਕੰਟਰੋਲ ਕਰਨ ਲਈ ਲਗਾਏ ਗਏ ਬੈਰੀਅਰ ਡਿੱਗ ਗਏ ਅਤੇ ਫਿਰ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ।
ਕਿਵੇਂ ਹੋਈ ਭਗਤਾਂ ਦੀ ਮੌਤ ?
ਪੁਲਿਸ ਨੇ ਕਿਹਾ ਕਿ ਭੀੜ ਦਾ ਦਬਾਅ ਵਧਣ ਤੋਂ ਬਾਅਦ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਅਜਿਹੀ ਸਥਿਤੀ ਵਿੱਚ ਸਾਹਮਣੇ ਮੌਜੂਦ ਸ਼ਰਧਾਲੂ ਜ਼ਮੀਨ 'ਤੇ ਡਿੱਗ ਪਏ ਅਤੇ ਹੋਰ ਲੋਕਾਂ ਦੇ ਪੈਰਾਂ ਹੇਠ ਆ ਗਏ। ਇਸ ਕਾਰਨ ਉਨ੍ਹਾਂ ਦੀ ਮੌਤ ਸੱਟਾਂ ਅਤੇ ਦਮ ਘੁੱਟਣ ਕਾਰਨ ਹੋਈ।
ਪੁਲਿਸ ਨੇ ਕਿਹਾ ਕਿ ਜ਼ਖਮੀਆਂ ਵਿੱਚੋਂ 6 ਦੀ ਹਾਲਤ ਨਾਜ਼ੁਕ ਹੈ। ਜ਼ਿਲ੍ਹਾ ਕੁਲੈਕਟਰ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਮੌਕੇ 'ਤੇ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਰਥ ਯਾਤਰਾ ਵਿੱਚ 10 ਲੱਖ ਤੋਂ ਵੱਧ ਲੋਕ ਹੋਏ ਇਕੱਠੇ
ਜ਼ਿਲ੍ਹਾ ਪ੍ਰਸ਼ਾਸਨ ਦੇ ਅਨੁਸਾਰ ਦੋ ਦਿਨਾਂ ਵਿੱਚ ਰਥ ਯਾਤਰਾ ਵਿੱਚ 10 ਲੱਖ ਤੋਂ ਵੱਧ ਸ਼ਰਧਾਲੂ ਇਕੱਠੇ ਹੋਏ ਹਨ। ਸ਼ੁੱਕਰਵਾਰ ਨੂੰ ਹੀ ਭੀੜ ਦਾ ਦਬਾਅ ਵਧ ਗਿਆ ਸੀ। ਹੁਣ ਤੱਕ ਭੀੜ ਕਾਰਨ 625 ਲੋਕ ਬਿਮਾਰ ਹੋ ਗਏ ਹਨ। ਇਨ੍ਹਾਂ ਵਿੱਚੋਂ ਘੱਟੋ-ਘੱਟ 70 ਸ਼ਰਧਾਲੂਆਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 9 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਭਗਦੜ ਵਿੱਚ ਜ਼ਖਮੀ ਹੋਏ ਸ਼ਰਧਾਲੂਆਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਮੌਕੇ 'ਤੇ ਉਨ੍ਹਾਂ ਦੀ ਹਾਲਤ ਆਮ ਹੈ।
- PTC NEWS