Kamal Kaur Murder : ਕਤਲ ਤੋਂ ਪਹਿਲਾਂ ਬਲਾਤਕਾਰ ਹੋਇਆ ਸੀ ਜਾਂ ਨਹੀਂ ? ਕਮਲ ਕੌਰ ਭਾਬੀ ਦੀ ਆਈ ਪੋਸਟਮਾਰਟਮ ਰਿਪੋਰਟ
Kamal Kaur Murder : ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਹਾਲਾਂਕਿ, ਕਤਲ ਤੋਂ ਪਹਿਲਾਂ ਕਮਲ ਕੌਰ ਨਾਲ ਜ਼ਬਰ ਜਨਾਹ ਹੋਇਆ ਸੀ ਜਾਂ ਨਹੀਂ ,ਇਸ ਬਾਰੇ ਪੋਸਟਮਾਰਟਮ ਰਿਪੋਰਟ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਿਛਲੇ ਦੋ ਤਿੰਨ ਦਿਨਾਂ ਦੌਰਾਨ ਸੋਸ਼ਲ ਮੀਡੀਆ ਤੇ ਕੁੱਝ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ ,ਜਿੰਨ੍ਹਾਂ ’ਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਮਲ ਕੌਰ ਦੇ ਕਤਲ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਬਾਅਦ ’ਚ ਗਲ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ।
ਪੋਸਟਮਾਰਟਮ ਰਿਪੋਰਟ ਅਨੁਸਾਰ ਮੌਤ ਦਾ ਮੁੱਖ ਕਾਰਨ ਗਲਾ ਘੁੱਟਣਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਜੋ ਸਵੈਬ ਅਤੇ ਵਿਸੇਰਾ ਦੇ ਸੈਂਪਲ ਫੋਰੈਂਸਿਕ ਲੈਬ ਵਿੱਚ ਭੇਜੇ ਗਏ ਹਨ, ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਨਾਲ ਬਲਾਤਕਾਰ ਹੋਇਆ ਸੀ ਜਾਂ ਨਹੀਂ। ਕਮਲ ਕੌਰ ਭਾਬੀ ਦਾ ਪੋਸਟਮਾਰਟਮ 12 ਜੂਨ ਨੂੰ ਸਿਵਲ ਹਸਪਤਾਲ ਵਿੱਚ ਤਿੰਨ ਸਰਕਾਰੀ ਡਾਕਟਰਾਂ ਦੇ ਪੈਨਲ ਦੁਆਰਾ ਕੀਤਾ ਗਿਆ ਸੀ। ਜਿਸ ਦੀ ਰਿਪੋਰਟ ਆ ਗਈ ਹੈ।
ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ ਦੋ ਮੁਲਜ਼ਮਾਂ ਜਸਪ੍ਰੀਤ ਸਿੰਘ (ਮੋਗਾ) ਅਤੇ ਨਿਮਨਰਜੀਤ ਸਿੰਘ (ਤਰਨਤਾਰਨ) ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਦੋਵਾਂ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਕਮਲ ਕੌਰ ਨੌਜਵਾਨਾਂ ਨੂੰ ਭਰਮਾਉਂਦੀ ਸੀ ਅਤੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ਉਸਨੇ ਨਹੀਂ ਸੁਣੀ। ਇਸ ਕਾਰਨ ਉਨ੍ਹਾਂ ਨੇ ਸਾਜ਼ਿਸ਼ ਰਚੀ। ਇਸ ਕਤਲ ਦਾ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮਹਿਰੋਂ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਤੋਂ ਪਹਿਲਾਂ ਅੱਤਵਾਦੀ ਅਰਸ਼ ਡੱਲਾ ਨੇ ਕਮਲ ਕੌਰ ਭਾਬੀ ਨੂੰ ਅਸ਼ਲੀਲ ਸਮੱਗਰੀ ਬਣਾਉਣ ਲਈ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਨੇ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਨੂੰ ਕਾਰ ਪ੍ਰਮੋਸ਼ਨ ਬਹਾਨੇ ਬਠਿੰਡਾ ਬੁਲਾਇਆ ਸੀ। ਜਿੱਥੇ ਉਨ੍ਹਾਂ ਨੇ ਕੰਚਨ ਦੀ ਇਓਨ ਕਾਰ ਮੁਰੰਮਤ ਲਈ ਇੱਕ ਗੈਰਾਜ ਵਿੱਚ ਲਾ ਦਿੱਤੀ ,ਜੋ ਦੇਰ ਰਾਤ ਤੱਕ ਠੀਕ ਹੋਈ। ਗੱਡੀ ਠੀਕ ਹੋਣ ਤੋਂ ਬਾਅਦ ਉਹ ਕੰਚਨ ਨੂੰ ਆਪਣੇ ਨਾਲ ਲੈ ਗਏ ਅਤੇ ਸੁੰਨਸਾਨ ਥਾਂ 'ਤੇ ਲਿਜਾਕੇ ਉਸ ਦਾ ਉਦੋਂ ਤੱਕ ਗਲ ਘੁੱਟਿਆ ਗਿਆ, ਜਦੋਂ ਤੱਕ ਉਸ ਦੀ ਮੌਤ ਨੂੰ ਹੋ ਗਈ। ਮੁਲਾਜਮਾਂ ਨੇ ਕੰਚਨ ਕੁਮਾਰੀ ਦੀ ਲਾਸ਼ ਨੂੰ ਉਸੇ ਦੀ ਕਾਰ ਵਿੱਚ ਰੱਖ ਲਿਆ ,ਜਿਸ ਨੂੰ ਆਦੇਸ਼ ਹਸਪਤਾਲ ਦੇ ਨਜ਼ਦੀਕ ਪਾਰਕਿੰਗ ’ਚ ਪਾਰਕ ਕਰਕੇ ਫਰਾਰ ਹੋ ਗਏ।
- PTC NEWS