Kapurthala 'ਚ ਵਿਦਿਆਰਥਣ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ ,ਨੌਜਵਾਨ 'ਤੇ ਬਲੈਕਮੇਲ ਕਰਨ ਦਾ ਆਰੋਪ
Kapurthala News : ਕਪੂਰਥਲਾ ਦੇ ਲਾਹੌਰੀ ਗੇਟ ਇਲਾਕੇ ਵਿੱਚ ਇੱਕ ਵਿਦਿਆਰਥਣ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਹੈ। ਪਰਿਵਾਰ ਨੇ ਇੱਕ ਨੌਜਵਾਨ 'ਤੇ ਵਿਦਿਆਰਥਣ ਨੂੰ ਵਿਆਹ ਲਈ ਮਜਬੂਰ ਕਰਨ ਅਤੇ ਬਲੈਕਮੇਲ ਕਰਨ ਦੇ ਗੰਭੀਰ ਆਰੋਪ ਲਗਾਏ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿਟੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ।
ਐਸਐਚਓ ਅਮਨਦੀਪ ਨਾਹਰ ਨੇ ਪੁਸ਼ਟੀ ਕੀਤੀ ਕਿ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਆਰੋਪੀ ਨੌਜਵਾਨ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਅਨੁਸਾਰ ਲਾਹੌਰੀ ਗੇਟ ਦੇ ਰਹਿਣ ਵਾਲੇ ਰਾਜਕੁਮਾਰ ਨੇ ਦੱਸਿਆ ਕਿ ਉਸਦੀ ਬੇਟੀ ਸਰਕਾਰੀ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਸੀ। ਜਦੋਂ ਉਹ ਕੱਲ੍ਹ ਸ਼ਾਮ ਘਰ ਵਾਪਸ ਆਈ ਤਾਂ ਘਰ ਵਿੱਚ ਕੋਈ ਨਹੀਂ ਸੀ।
ਜਦੋਂ ਪਰਿਵਾਰ ਦੇਰ ਸ਼ਾਮ ਘਰ ਵਾਪਸ ਆਇਆ ਤਾਂ ਉਨ੍ਹਾਂ ਨੇ ਬੇਟੀ ਨੂੰ ਆਪਣੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਲਟਕਦੇ ਹੋਏ ਦੇਖਿਆ। ਉਸਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪਿਤਾ ਨੇ ਨੌਜਵਾਨ 'ਤੇ ਲਗਾਇਆ ਆਰੋਪ
ਵਿਦਿਆਰਥਣ ਦੇ ਪਿਤਾ ਰਾਜਕੁਮਾਰ ਨੇ ਆਰੋਪ ਲਗਾਇਆ ਕਿ ਮਨਸੂਰਵਾਲ ਦੇ ਰਹਿਣ ਵਾਲੇ ਨੌਜਵਾਨ ਪਵਨਦੀਪ ਨੇ ਪਹਿਲਾਂ ਉਸਦੀ ਬੇਟੀ ਨੂੰ ਪ੍ਰੇਮ ਸਬੰਧਾਂ ਵਿੱਚ ਫਸਾਇਆ ਸੀ। ਉਹ ਉਸਨੂੰ ਫੋਨ 'ਤੇ ਕਾਲ ਕਰਕੇ ਧਮਕਾਉਂਦਾ ਸੀ ਕਿ ਉਸ ਕੋਲ ਸਾਰਿਕਾ ਦੀਆਂ ਕੁੱਝ ਤਸਵੀਰਾਂ ਹਨ , ਜਿਸ ਨਾਲ ਉਸਨੂੰ ਬਦਨਾਮ ਕਰੇਗਾ। ਰਾਜਕੁਮਾਰ ਨੇ ਕਿਹਾ ਕਿ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਪਵਨਦੀਪ ਨਹੀਂ ਮੰਨਿਆ ਅਤੇ ਸਾਰਿਕਾ ਨੂੰ ਤੰਗ-ਪ੍ਰੇਸ਼ਾਨ ਕਰਦਾ ਰਿਹਾ।
ਇਸ ਡਰ ਅਤੇ ਤਣਾਅ ਦੇ ਕਾਰਨ ਸਾਰਿਕਾ ਨੇ ਇਹ ਕਦਮ ਚੁੱਕਿਆ। ਜਾਂਚ ਅਧਿਕਾਰੀ ਏਐਸਆਈ ਗੁਸ਼ਰਨ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਆਰੋਪੀ ਪਵਨਦੀਪ ਪੁੱਤਰ ਸੰਤਲਾਲ, ਜੋ ਕਿ ਮਨਸੂਰਵਾਲ ਕਲੋਨੀ ਦਾ ਰਹਿਣ ਵਾਲਾ ਹੈ, ਵਿਰੁੱਧ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਆਰੋਪੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
- PTC NEWS