Kesar Using Aeroponics Technique : 15x15 ਦੇ ਕਮਰੇ 'ਚ ਕੇਸਰ ਦੀ ਖੇਤੀ ਨਾਲ ਮਿਸਾਲ ਬਣ ਰਿਹਾ ਹਰਸ਼ ਪਾਟਿਲ, ਜਾਣੋ ਕੀ ਹੈ ਤਕਨੀਕ
Growing Kesar Using Aeroponics Technique : ਜਿਥੇ ਹਰ ਸਾਲ ਬੇਮੌਸਮੀ ਮੀਂਹ, ਸੋਕੇ ਅਤੇ ਜ਼ਮੀਨ ਖਿਸਕਣ ਕਾਰਨ ਲੱਖਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ, ਉਥੇ ਹੀ ਇੱਕ 22 ਸਾਲਾ ਨੌਜਵਾਨ ਇਨ੍ਹਾਂ ਮੁਸ਼ਕਿਲਾਂ ਤੋਂ ਨੂੰ ਪਾਸੇ ਛੱਡ ਕੇ 15 ਗੁਣਾ 15 ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਖੇਤੀ ਕਰਕੇ ਲੱਖਾਂ ਰੁਪਏ ਕਮਾ ਕੇ ਕਿਸਾਨਾਂ ਲਈ ਮਿਸਾਲ ਬਣ ਰਿਹਾ ਹੈ।
22 ਸਾਲਾ ਹਰਸ਼ ਪਾਟਿਲ ਉਨ੍ਹਾਂ ਕਿਸਾਨਾਂ 'ਚੋਂ ਇੱਕ ਹੈ, ਜੋ ਮੌਸਮੀ ਤਬਦੀਲੀ ਕਾਰਨ ਖੇਤੀ ਦੀਆਂ ਨਵੀਆਂ ਤਕਨੀਕਾਂ ਅਪਣਾ ਕੇ ਮੁਨਾਫ਼ਾ ਕਮਾ ਰਿਹਾ ਹੈ। ਮਹਾਰਾਸ਼ਟਰ ਦੇ ਨੰਦੂਰਬਾਰ ਪਿੰਡ ਦਾ ਰਹਿਣ ਵਾਲਾ ਹਰਸ਼, ਐਰੋਪੋਨਿਕ ਤਰੀਕੇ ਨਾਲ ਆਪਣੇ ਖੇਤ ਰੂਪੀ ਕਮਰੇ 'ਚ ਕੇਸਰ ਉਗਾ ਕੇ ਨਾ ਸਿਰਫ਼ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰ ਰਿਹਾ ਹੈ ਸਗੋਂ ਦੂਜੇ ਕਿਸਾਨਾਂ ਲਈ ਵੀ ਪ੍ਰੇਰਨਾ ਬਣ ਰਿਹਾ ਹੈ।
ਜਲਵਾਯੂ ਤਬਦੀਲੀ ਨੇ ਬਦਲੇ ਖੇਤੀ ਦੇ ਢੰਗ
ਮੀਡੀਆ ਰਿਪੋਰਟਾਂ ਮੁਤਾਬਕ ਹਰਸ਼ ਪਾਟਿਲ ਦਾ ਪਰਿਵਾਰ ਮਹਾਰਾਸ਼ਟਰ ਦੇ ਨੰਦੂਰਬਾਰ ਪਿੰਡ 'ਚ 120 ਏਕੜ ਜ਼ਮੀਨ 'ਚ ਕੇਲੇ, ਤਰਬੂਜ ਅਤੇ ਕਪਾਹ ਦੀ ਖੇਤੀ ਕਰਦਾ ਹੈ। ਪਰ ਪਿਛਲੇ ਕੁਝ ਸਾਲਾਂ 'ਚ ਮੌਸਮ 'ਚ ਤਬਦੀਲੀ ਅਤੇ ਬੇਮੌਸਮੀ ਬਾਰਸ਼ਾਂ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਖ਼ਰਾਬ ਹੋਣ ਲੱਗੀਆਂ। ਦਸੰਬਰ 2022 'ਚ ਜਦੋਂ ਕਪਾਹ ਦੀ ਫ਼ਸਲ ਵਾਢੀ ਲਈ ਤਿਆਰ ਸੀ ਤਾਂ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਨਾਲ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ।
ਆਪਣੇ ਪਿਤਾ ਨੂੰ ਪਰੇਸ਼ਾਨ ਦੇਖ ਕੇ ਹਰਸ਼ ਖੇਤੀ ਦੇ ਕੁਝ ਹੋਰ ਤਰੀਕੇ ਸਿੱਖਣਾ ਚਾਹੁੰਦਾ ਸੀ, ਜਿਸ 'ਚ ਉਸਨੂੰ ਘੱਟ ਨੁਕਸਾਨ ਅਤੇ ਵੱਧ ਫਾਇਦਾ ਹੋਵੇ। ਉਸ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਪਰ ਉਹ ਕਾਰਪੋਰੇਟ ਜਗਤ 'ਚ ਕੰਮ ਨਹੀਂ ਕਰਨਾ ਚਾਹੁੰਦਾ। ਇਸ ਲਈ ਪੜ੍ਹਾਈ ਦੇ ਨਾਲ-ਨਾਲ ਉਹ ਖੇਤੀ 'ਚ ਆਪਣੇ ਪਿਤਾ ਦੀ ਮਦਦ ਕਰਨ ਲੱਗਾ। ਜਿਵੇਂ ਹੀ ਉਸਨੇ ਕਾਲਜ ਦਾ ਤੀਜਾ ਸਾਲ ਪੂਰਾ ਕੀਤਾ ਤਾਂ ਕਾਰੋਬਾਰ ਦੇ ਨਵੇਂ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ। ਜਦੋਂ ਉਸਨੇ ਖੋਜ ਕਰਨੀ ਸ਼ੁਰੂ ਕੀਤੀ ਤਾਂ ਉਸਨੂੰ ਡਰੈਗਨ ਫਰੂਟ, ਚੰਦਨ ਅਤੇ ਕੇਸਰ ਵਰਗੀਆਂ ਨਵੀਆਂ ਫਸਲਾਂ ਬਾਰੇ ਪਤਾ ਲੱਗਾ।
ਕੇਸਰ ਇੱਕ ਛੋਟੇ ਜਿਹੇ ਕਮਰੇ 'ਚ ਉਗਾਇਆ
ਵੈਸੇ ਤਾਂ ਭਾਰਤ 'ਚ ਕੇਸਰ ਦੀ ਖੇਤੀ ਮੁੱਖ ਤੌਰ 'ਤੇ ਕਸ਼ਮੀਰ 'ਚ ਕੀਤੀ ਜਾਂਦੀ ਹੈ। ਕਿਉਂਕਿ ਉੱਥੋਂ ਦਾ ਮੌਸਮ ਅਤੇ ਤਾਪਮਾਨ ਇਸ ਦੇ ਅਨੁਕੂਲ ਹੁੰਦਾ ਹੈ ਪਰ ਮਹਾਰਾਸ਼ਟਰ ਦੇ ਗਰਮ ਤਾਪਮਾਨ 'ਚ ਇਸ ਨੂੰ ਉਗਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਉਸ ਨੇ ਐਰੋਪੋਨਿਕਸ ਤਕਨੀਕ ਬਾਰੇ ਬਹੁਤ ਖੋਜ ਕੀਤੀ, ਜਿਸ ਦੀ ਮਦਦ ਨਾਲ ਕੇਸਰ ਨੂੰ ਗਰਮ ਥਾਵਾਂ 'ਤੇ ਵੀ ਉਗਾਇਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਰਸ਼ ਪਾਟਿਲ ਨੇ 15×15 ਫੁੱਟ ਕਮਰੇ 'ਚ ਐਰੋਪੋਨਿਕਸ ਫਾਰਮਿੰਗ ਲਈ ਸੈੱਟਅੱਪ ਤਿਆਰ ਕੀਤਾ। ਮਾਹਿਰਾਂ ਮੁਤਾਬਕ ਇਸ ਤਕਨੀਕ 'ਚ ਪੌਦਿਆਂ ਨੂੰ ਮਿੱਟੀ ਤੋਂ ਬਿਨਾਂ ਉਗਾਇਆ ਜਾਂਦਾ ਹੈ ਅਤੇ ਪੌਸ਼ਟਿਕ ਤੱਤ ਹਵਾ ਰਾਹੀਂ ਦਿੱਤੇ ਜਾਂਦੇ ਹਨ। ਹਰਸ਼ ਨੇ ਇਸ ਸੈੱਟਅੱਪ 'ਚ ਹਿਊਮਿਡੀਫਾਇਰ ਅਤੇ ਏਅਰ ਕੰਡੀਸ਼ਨਰ ਵੀ ਲਗਾਏ ਹਨ ਤਾਂ ਜੋ ਕੇਸਰ ਲਈ ਸਹੀ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ।
1 ਲੱਖ ਰੁਪਏ ਦੀ ਪਹਿਲੀ ਕਮਾਈ : ਕਸ਼ਮੀਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹਰਸ਼ ਨੇ ਆਪਣੀ ਪਹਿਲੀ ਹੀ ਕੋਸ਼ਿਸ਼ 'ਚ 350 ਗ੍ਰਾਮ 'ਮੋਗਰਾ' ਕਿਸਮ ਦੇ ਕੇਸਰ ਦਾ ਉਤਪਾਦਨ ਕੀਤਾ ਅਤੇ ਇਸ ਨੂੰ ਵੇਚ ਕੇ 1 ਲੱਖ ਰੁਪਏ ਕਮਾਏ। ਹੁਣ ਉਹ ਕੇਸਰ ਦੀ ਖੇਤੀ 'ਚ ਮਾਹਿਰ ਹੋ ਗਿਆ ਹੈ। ਹਰਸ਼ ਦੀ ਕਾਮਯਾਬੀ ਨੂੰ ਦੇਖਦਿਆਂ ਕਈ ਕਿਸਾਨ ਉਸ ਨਾਲ ਸੰਪਰਕ ਕਰ ਰਹੇ ਹਨ ਅਤੇ ਅੰਦਰੂਨੀ ਕੇਸਰ ਦੀ ਖੇਤੀ ਬਾਰੇ ਜਾਣਨਾ ਚਾਹੁੰਦੇ ਹਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਹੁਣ ਤੱਕ ਹਰਸ਼ ਆਨਲਾਈਨ ਵਰਕਸ਼ਾਪਾਂ ਰਾਹੀਂ 50 ਤੋਂ ਵੱਧ ਕਿਸਾਨਾਂ ਨੂੰ ਸਿਖਲਾਈ ਦੇ ਚੁੱਕਾ ਹੈ। ਬਾਜ਼ਾਰ 'ਚ ਸਾਧਾਰਨ ਕਿਸਮ ਦਾ ਕੇਸਰ ਵੀ 3 ਲੱਖ ਰੁਪਏ ਪ੍ਰਤੀ ਕਿਲੋ ਤੱਕ ਵਿਕਦਾ ਹੈ। ਅੱਜ ਹਰਸ਼ ਪਾਟਿਲ ਦੀ ਕੇਸਰ ਦੀ ਖੇਤੀ ਤੋਂ ਕਮਾਈ ਲੱਖਾਂ 'ਚ ਹੈ।
- PTC NEWS