ਪੁਲਿਸ ਨੇ ਸੁਲਝਾਈ AAP ਆਗੂ ਦੇ ਕਤਲ ਕੇਸ ਦੀ ਗੁੱਥੀ, ਕਤਲ ਦਾ ਵੱਡਾ ਕਾਰਨ ਆਇਆ ਸਾਹਮਣੇ
AAP Kisan Leader Murder case update : ਲੰਘੇ ਦਿਨ ਖੰਨਾ ਵਿੱਚ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਆਗੂ ਤਰਲੋਚਨ ਸਿੰਘ ਦੇ ਕਤਲ ਮਾਮਲੇ ਨੂੰ ਪੁਲਿਸ ਸੁਲਝਾ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਬਾਰੇ ਸੂਚਨਾ ਹੈ। ਇਹ ਵਿਅਕਤੀ ਆੜਤ ਦਾ ਕੰਮ ਕਰਦਾ ਹੈ।
ਪੁਲਿਸ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਤੇ ਉਸ ਦਾ ਪਿਤਾ ਤਰਲੋਚਨ ਸਿੰਘ ਸ਼ਾਮ ਨੂੰ ਮੋਟਰ ਤੋਂ ਆਪਣੇ-2 ਵਾਹਨਾਂ ਪਰ ਘਰ ਨੂੰ ਵਾਪਸ ਆ ਰਹੇ ਸੀ, ਉਹ ਆਪਣੇ ਪਿਤਾ ਦੇ ਵਹੀਕਲ ਤੋਂ ਥੋੜਾ ਪਿੱਛੇ ਸੀ। ਜਦੋਂ ਉਸਦਾ ਪਿਤਾ ਤਰਲੋਚਨ ਸਿੰਘ ਸੂਆ ਪੁੱਲੀ ਰੋੜੀ ਵਾਲੇ ਰਾਹ ਪਾਸ ਪੁੱਜਾ ਤਾਂ ਉਥੇ ਪਿੰਡ ਦਾ ਰਣਜੀਤ ਸਿੰਘ ਖੜ੍ਹਾ ਸੀ, ਜਿਸਨੇ ਆਪਣੇ ਡੱਬ ਵਿੱਚੋਂ ਪਿਸਟਲ ਕੱਢ ਕੇ ਉਸਦੇ ਪਿਤਾ ਤਰਲੋਚਨ ਸਿੰਘ ਪਰ ਫਾਇਰ ਕਰਨੇ ਸੁਰੂ ਕਰ ਦਿੱਤੇ, ਜਿਸ ਕਰਕੇ ਉਸਦਾ ਪਿਤਾ ਸਕੂਟਰੀ ਸਮੇਤ ਸੜ੍ਹਕ ਪਰ ਡਿੱਗ ਗਿਆ ਅਤੇ ਰਣਜੀਤ ਸਿੰਘ ਉਸਨੂੰ ਵੇਖ ਕੇ ਪਿਸਟਲ ਸਮੇਤ ਮੌਕਾ ਤੋਂ ਭੱਜ ਗਿਆ।
ਉਸ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਕੁੱਝ ਸਾਲ ਪਹਿਲਾ ਰਣਜੀਤ ਸਿੰਘ ਨੇ ਉਸਦੇ ਪਿਤਾ ਤਰਲੋਚਨ ਸਿੰਘ ਅਤੇ ਉਸਦੇ ਸੱਟਾਂ ਮਾਰੀਆਂ ਸਨ, ਇਸ ਸਬੰਧੀ ਉਨ੍ਹਾਂ ਦਾ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ਰਾਜੀਨਾਮਾ ਕਰਵਾ ਦਿੱਤਾ ਸੀ। ਇਸ ਕਰਕੇ ਰਣਜੀਤ ਸਿੰਘ ਉਨ੍ਹਾਂ ਨਾਲ ਰੰਜਿਸ਼ ਰੱਖਦਾ ਸੀ।
ਪੁਲਿਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਰਣਜੀਤ ਸਿੰਘ, ਜਤਿੰਦਰ ਸਿੰਘ ਉਰਫ ਤੇਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਉਪਰੰਤ ਪੁਲਿਸ ਨੇ ਰਣਜੀਤ ਸਿੰਘ ਵਾਸੀ ਪਿੰਡ ਇਕੋਲਾਹਾ ਨੂੰ ਸਕੂਟਰੀ ਨੰਬਰੀ PB-26H-7201 ਅਤੇ ਵਾਰਦਾਤ 'ਚ ਵਰਤੇ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਿਆ।
ਦੱਸ ਦਈਏ ਕਿ ਸੋਮਵਾਰ ਨੂੰ ਖੰਨਾ ਨੇੜਲੇ ਪਿੰਡ ਇਕੋਲਾਹਾ ਦੇ ਰਹਿਣ ਵਾਲੇ ਤਰਲੋਚਨ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਉਦੋਂ ਵਾਪਰੀ ਜਦੋਂ ਸ਼ਾਮ ਨੂੰ ਤਰਲੋਚਨ ਸਿੰਘ ਆਪਣੇ ਖੇਤ ਤੋਂ ਘਰ ਪਰਤ ਰਿਹਾ ਸੀ ਤਾਂ ਪਿੰਡ ਦੀ ਸੜਕ 'ਤੇ ਹੀ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਉੱਥੇ ਡਿੱਗ ਗਿਆ ਅਤੇ ਮੌਤ ਹੋ ਗਈ।
- PTC NEWS